ਅੰਮ੍ਰਿਤਸਰ :- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਸੁਸ਼ੋਭਿਤ ਕਰਨ ਲਈ ਭਾਰਤ ਵੱਲੋਂ ਇੱਕ ਵਿਸ਼ੇਸ਼ ਸੁਨਹਿਰੀ ਫਾਈਬਰ ਪਾਲਕੀ ਸਾਹਿਬ ਪਾਕਿਸਤਾਨ ਭੇਜੀ ਗਈ ਹੈ। ਇਹ ਪਾਲਕੀ ਸਾਹਿਬ ਅਟਾਰੀ-ਵਾਹਘਾ ਸਰਹੱਦ ਰਾਹੀਂ ਰਸਮੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੂੰ ਸੌਂਪੀ ਗਈ।
ਸੇਵਾ ਭਾਵਨਾ ਨਾਲ ਤਿਆਰ ਕਰਵਾਈ ਗਈ ਪਾਲਕੀ
ਜਾਣਕਾਰੀ ਅਨੁਸਾਰ ਇਹ ਸੁੰਦਰ ਪਾਲਕੀ ਸਾਹਿਬ ਸੰਤ ਮਹਾਂਪੁਰਖ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਸੇਵਾਦਾਰ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਵੱਲੋਂ ਤਿਆਰ ਕਰਵਾਈ ਗਈ ਹੈ। ਇਹ ਧਾਰਮਿਕ ਭੇਟ ਵਿਸ਼ੇਸ਼ ਤੌਰ ‘ਤੇ ਭਾਈ ਮਹੇਸ਼ ਸਿੰਘ ਸਿੰਧ ਦੀ ਬੇਨਤੀ ‘ਤੇ ਭੇਜੀ ਗਈ ਹੈ।
ਕਸਟਮ ਅਤੇ ਸੁਰੱਖਿਆ ਏਜੰਸੀਆਂ ਨੇ ਨਿਭਾਈ ਅਹਿਮ ਭੂਮਿਕਾ
ਪਾਲਕੀ ਸਾਹਿਬ ਨੂੰ ਇੰਟੀਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਅਟਾਰੀ ਵਿਖੇ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਤੋਂ ਬਾਅਦ ਭਾਰਤੀ ਕਸਟਮ ਵਿਭਾਗ ਵੱਲੋਂ ਪਾਕਿਸਤਾਨ ਭੇਜਿਆ ਗਿਆ। ਇਸ ਮੌਕੇ ਭਾਰਤੀ ਕਸਟਮ ਦੇ ਕਮਿਸ਼ਨਰ ਏ.ਪੀ. ਚੌਧਰੀ, ਸੁਪਰਡੈਂਟ ਅਸ਼ੋਕ ਕੁਮਾਰ ਅਤੇ ਬੀਐਸਐਫ ਦੇ ਅਧਿਕਾਰੀਆਂ ਨੇ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਸਹਿਯੋਗ ਦਿੱਤਾ।
ਸ਼੍ਰੋਮਣੀ ਕਮੇਟੀ ਦਾ ਜਥਾ ਲੈ ਕੇ ਗਿਆ ਪਾਲਕੀ ਸਾਹਿਬ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥਾ ਲੀਡਰ ਭਾਈ ਭੁਪਿੰਦਰ ਸਿੰਘ ਭਲਵਾਨ ਨੇ ਦੱਸਿਆ ਕਿ ਉਹ ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਪਾਲਕੀ ਸਾਹਿਬ ਨੂੰ ਲੈ ਕੇ ਪਾਕਿਸਤਾਨ ਰਵਾਨਾ ਹੋਏ ਹਨ। ਉਨ੍ਹਾਂ ਦੱਸਿਆ ਕਿ ਅਟਾਰੀ-ਵਾਹਘਾ ਸਰਹੱਦ ਦੀ ਜ਼ੀਰੋ ਲਾਈਨ ‘ਤੇ ਇਹ ਪਾਲਕੀ ਸਾਹਿਬ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਅਤੇ ਭਾਈ ਮਹੇਸ਼ ਸਿੰਘ ਦੇ ਨੁਮਾਇੰਦਿਆਂ ਨੂੰ ਸੌਂਪੀ ਜਾਵੇਗੀ।
ਸਿੱਖ ਅਸਥਾਨਾਂ ਨਾਲ ਜੁੜੀ ਸ਼ਰਧਾ ਦਾ ਪ੍ਰਤੀਕ
ਧਾਰਮਿਕ ਮਹੱਤਤਾ ਵਾਲੀ ਇਹ ਪਾਲਕੀ ਸਾਹਿਬ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਸ਼ੋਭਾ ਵਿੱਚ ਹੋਰ ਵਾਧਾ ਕਰੇਗੀ। ਸੰਗਤਾਂ ਵੱਲੋਂ ਇਸ ਨੂੰ ਗੁਰੂ ਘਰ ਪ੍ਰਤੀ ਸ਼ਰਧਾ, ਸੇਵਾ ਅਤੇ ਦੋਵੇਂ ਦੇਸ਼ਾਂ ਵਿਚਕਾਰ ਧਾਰਮਿਕ ਸਾਂਝ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ।

