ਮਹਾਰਾਸ਼ਟਰ :- ਮਹਾਰਾਸ਼ਟਰ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਕਈ ਜ਼ਿਲ੍ਹਿਆਂ ਵਿੱਚ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਹੜ੍ਹ ਵਰਗੇ ਬਣੇ ਹਾਲਾਤਾਂ ਵਿਚਕਾਰ ਰਾਏਗੜ੍ਹ ਜ਼ਿਲ੍ਹੇ ਵਿੱਚ ਸਥਿਤ ਇੱਕ ਐਲਪੀਜੀ ਬੋਤਲਿੰਗ ਪਲਾਂਟ ਵੀ ਪਾਣੀ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਕਰੀਬ 3,000 ਗੈਸ ਸਿਲੰਡਰ ਹੜ੍ਹ ਦੇ ਪਾਣੀ ਨਾਲ ਵਹਿ ਗਏ। ਪ੍ਰਸ਼ਾਸਨ ਨੇ ਲੋਕਾਂ ਨੂੰ ਇਨ੍ਹਾਂ ਸਿਲੰਡਰਾਂ ਤੋਂ ਦੂਰ ਰਹਿਣ ਅਤੇ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਨੂੰ ਚੁੱਕ ਕੇ ਘਰ ਨਾ ਲਿਜਾਣ ਦੀ ਅਪੀਲ ਕੀਤੀ ਹੈ।
ਨਦੀ ਦਾ ਪਾਣੀ ਬੋਤਲਿੰਗ ਪਲਾਂਟ ਵਿੱਚ ਵੜਿਆ
ਅਧਿਕਾਰੀਆਂ ਅਨੁਸਾਰ ਭਾਰੀ ਮੀਂਹ ਕਾਰਨ ਪਤਾਲ ਗੰਗਾ ਨਦੀ ਦਾ ਪਾਣੀ ਪਨਵੇਲ ਤਾਲੁਕਾ ਦੇ ਐਮਆਈਡੀਸੀ ਖੇਤਰ ਵਿੱਚ ਸਥਿਤ ਐਚਪੀਸੀਐਲ ਦੇ ਐਲਪੀਜੀ ਬੋਤਲਿੰਗ ਪਲਾਂਟ ਵਿੱਚ ਦਾਖਲ ਹੋ ਗਿਆ। ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਲਗਭਗ 3,000 ਸਿਲੰਡਰ ਰੁੜ੍ਹ ਗਏ, ਜਿਨ੍ਹਾਂ ਵਿੱਚ ਭਰੇ ਅਤੇ ਖਾਲੀ ਦੋਵੇਂ ਤਰ੍ਹਾਂ ਦੇ ਸਿਲੰਡਰ ਸ਼ਾਮਲ ਹਨ। ਪ੍ਰਸ਼ਾਸਨ ਵੱਲੋਂ ਵਹਿ ਗਏ ਸਿਲੰਡਰਾਂ ਦੀ ਭਾਲ ਅਤੇ ਨੁਕਸਾਨ ਦੇ ਮੁਲਾਂਕਣ ਦਾ ਕੰਮ ਜਾਰੀ ਹੈ।
ਸਿਲੰਡਰ ਮਿਲਣ ‘ਤੇ ਤੁਰੰਤ ਪ੍ਰਸ਼ਾਸਨ ਨੂੰ ਦਿਓ ਜਾਣਕਾਰੀ
ਰਾਏਗੜ੍ਹ ਦੇ ਜ਼ਿਲ੍ਹਾ ਕਲੈਕਟਰ ਕਿਸ਼ਨ ਜਵਾਲ ਨੇ ਲੋਕਾਂ ਨੂੰ ਸਪੱਸ਼ਟ ਚੇਤਾਵਨੀ ਦਿੰਦਿਆਂ ਕਿਹਾ ਕਿ ਹੜ੍ਹ ਦੇ ਪਾਣੀ ਨਾਲ ਵਹੇ ਸਿਲੰਡਰਾਂ ਦੀ ਹਾਲਤ ਬਾਰੇ ਕੁਝ ਵੀ ਯਕੀਨੀ ਨਹੀਂ ਕਿਹਾ ਜਾ ਸਕਦਾ। ਅਜਿਹੇ ਸਿਲੰਡਰਾਂ ਨੂੰ ਚੁੱਕਣਾ, ਖੋਲ੍ਹਣਾ ਜਾਂ ਘਰ ਲਿਜਾ ਕੇ ਵਰਤਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਨਦੀ ਜਾਂ ਆਸ-ਪਾਸ ਦੇ ਇਲਾਕੇ ਵਿੱਚ ਸਿਲੰਡਰ ਨਜ਼ਰ ਆਵੇ ਤਾਂ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ।
ਭਾਰੀ ਮੀਂਹ ਨਾਲ ਕਈ ਜ਼ਿਲ੍ਹਿਆਂ ਵਿੱਚ ਵਿਗੜੇ ਹਾਲਾਤ
ਲਗਾਤਾਰ ਪੈ ਰਹੇ ਮੀਂਹ ਕਾਰਨ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਨਦੀਆਂ ਉਫਾਨ ‘ਤੇ ਹਨ। ਕਈ ਥਾਵਾਂ ‘ਤੇ ਪਾਣੀ ਭਰਨ, ਜ਼ਮੀਨ ਖਿਸਕਣ ਅਤੇ ਸੜਕਾਂ ਬੰਦ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਨਾਸਿਕ ਜ਼ਿਲ੍ਹੇ ਵਿੱਚ ਗੋਦਾਵਰੀ ਨਦੀ ਦਾ ਪਾਣੀ ਦਾ ਪੱਧਰ ਵੀ ਕਾਫ਼ੀ ਵਧ ਗਿਆ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਨਿਗਰਾਨੀ ਹੋਰ ਤੇਜ਼ ਕਰ ਦਿੱਤੀ ਹੈ।
ਪੁਣੇ ਵਿੱਚ ਇਮਾਰਤ ‘ਤੇ ਡਿੱਗਿਆ ਕੂੜੇ ਦਾ ਢੇਰ
ਉੱਧਰ ਪੁਣੇ ਜ਼ਿਲ੍ਹੇ ਦੇ ਪਿੰਪਰੀ-ਚਿੰਚਵਾੜ ਦੇ ਮੋਸ਼ੀ ਇਲਾਕੇ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ‘ਤੇ ਕੂੜੇ ਦਾ ਵੱਡਾ ਢੇਰ ਡਿੱਗਣ ਦੀ ਘਟਨਾ ਵੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਸ ਇਮਾਰਤ ਵਿੱਚ ਇੱਕ ਨਿੱਜੀ ਕੰਪਨੀ ਦਾ ਪ੍ਰਸ਼ਾਸਨਿਕ ਦਫ਼ਤਰ ਸੀ, ਜੋ ਨਗਰ ਨਿਗਮ ਲਈ ਕੂੜਾ ਪ੍ਰੋਸੈਸਿੰਗ ਦਾ ਕੰਮ ਕਰਦੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਮਲਬੇ ਹੇਠ ਕਰੀਬ 11 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਅਤੇ ਬਚਾਅ ਕਾਰਜ ਜਾਰੀ ਹੈ।
ਉਡਾਣਾਂ ਅਤੇ ਰੇਲ ਸੇਵਾਵਾਂ ਵੀ ਪ੍ਰਭਾਵਿਤ
ਖਰਾਬ ਮੌਸਮ ਅਤੇ ਘੱਟ ਦ੍ਰਿਸ਼ਤਾ ਕਾਰਨ ਮੁੰਬਈ ਜਾਣ ਵਾਲੀਆਂ ਨੌਂ ਉਡਾਣਾਂ ਨੂੰ ਕੁਝ ਸਮੇਂ ਲਈ ਨੇੜਲੇ ਹਵਾਈ ਅੱਡਿਆਂ ਵੱਲ ਮੋੜਨਾ ਪਿਆ। ਬਾਅਦ ਵਿੱਚ ਮੌਸਮ ਵਿੱਚ ਸੁਧਾਰ ਆਉਣ ‘ਤੇ ਸਾਰੀਆਂ ਉਡਾਣਾਂ ਨੂੰ ਸੁਰੱਖਿਅਤ ਢੰਗ ਨਾਲ ਮੁੰਬਈ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਇਸ ਤੋਂ ਇਲਾਵਾ ਭਾਰੀ ਮੀਂਹ ਕਾਰਨ ਮੁੰਬਈ ਦੀਆਂ ਉਪਨਗਰੀ ਲੋਕਲ ਟ੍ਰੇਨਾਂ ਵੀ ਕਰੀਬ 25 ਤੋਂ 30 ਮਿੰਟ ਦੀ ਦੇਰੀ ਨਾਲ ਚੱਲੀਆਂ, ਜਦਕਿ ਕਈ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਆਮ ਜਨਜੀਵਨ ਪ੍ਰਭਾਵਿਤ ਰਿਹਾ।

