ਚੰਡੀਗੜ੍ਹ :- ਚੀਨ ’ਚ 30 ਅਗਸਤ ਤੋਂ 13 ਸਤੰਬਰ ਤੱਕ ਹੋਣ ਵਾਲੇ ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਜੂਨੀਅਰ ਹਾਕੀ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਕੀ ਇੰਡੀਆ ਵੱਲੋਂ ਚੁਣੀਆਂ ਗਈਆਂ ਭਾਰਤੀ ਜੂਨੀਅਰ ਮੈਨ ਅਤੇ ਮਹਿਲਾ ਟੀਮਾਂ ਵਿੱਚ ਪੰਜਾਬ ਦੇ ਪੰਜ ਖਿਡਾਰੀਆਂ ਨੂੰ ਥਾਂ ਮਿਲੀ ਹੈ।
ਜੂਨੀਅਰ ਮੈਨ ਟੀਮ ’ਚ ਚਾਰ ਖਿਡਾਰੀ
ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪਵਾਰ ਨੇ ਦੱਸਿਆ ਕਿ ਭਾਰਤੀ ਜੂਨੀਅਰ ਮੈਨ ਹਾਕੀ ਟੀਮ ਵਿੱਚ ਪੰਜਾਬ ਦੇ ਪ੍ਰਭਦੀਪ ਸਿੰਘ (ਮਿੱਠਾਪੁਰ), ਮਨਮੀਤ ਸਿੰਘ ਰਾਏ (ਖੁਸਰੋਪੁਰ), ਲਵਨੂਰ ਸਿੰਘ (ਪੀਏਪੀ ਜਲੰਧਰ) ਅਤੇ ਗੁਰਸੇਵਕ ਸਿੰਘ (ਰਾਊਂਡ ਗਲਾਸ ਅਕੈਡਮੀ) ਦੀ ਚੋਣ ਹੋਈ ਹੈ।
ਮਹਿਲਾ ਟੀਮ ’ਚ ਸੁਖਵੀਰ ਕੌਰ ਨੂੰ ਮਿਲੀ ਜਗ੍ਹਾ
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਵਿੱਚ ਬਠਿੰਡਾ ਦੀ ਸੁਖਵੀਰ ਕੌਰ ਨੂੰ ਚੁਣਿਆ ਗਿਆ ਹੈ। ਇਸ ਤਰ੍ਹਾਂ ਪੰਜਾਬ ਦੇ ਕੁੱਲ ਪੰਜ ਖਿਡਾਰੀ ਚੀਨ ਵਿੱਚ ਹੋਣ ਵਾਲੇ ਜੂਨੀਅਰ ਏਸ਼ੀਆ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।
ਹਾਕੀ ਪੰਜਾਬ ਵੱਲੋਂ ਸ਼ੁਭਕਾਮਨਾਵਾਂ
ਪੰਜਾਬ ਦੇ ਇਨ੍ਹਾਂ ਖਿਡਾਰੀਆਂ ਦੀ ਭਾਰਤੀ ਜੂਨੀਅਰ ਟੀਮਾਂ ਵਿੱਚ ਚੋਣ ’ਤੇ ਹਾਕੀ ਪੰਜਾਬ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਜੂਨੀਅਰ ਭਾਰਤੀ ਹਾਕੀ ਟੀਮਾਂ ਦੀ ਸਫਲਤਾ ਦੀ ਕਾਮਨਾ ਕੀਤੀ।

