ਚੰਡੀਗੜ੍ਹ :- ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨਾਲ ਜੁੜੇ ਲੱਖਾਂ ਮੈਂਬਰਾਂ ਲਈ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਸੰਗਠਨ ਵੱਲੋਂ ਆਪਣੇ ਡਿਜੀਟਲ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਆਧੁਨਿਕ ਬਣਾਉਣ ਲਈ ਵਿਆਪਕ ਤਕਨੀਕੀ ਅਪਗ੍ਰੇਡੇਸ਼ਨ ਕੀਤੀ ਜਾ ਰਹੀ ਹੈ, ਜਿਸ ਕਾਰਨ ਕੁਝ ਦਿਨਾਂ ਲਈ ਕਈ ਆਨਲਾਈਨ ਸੇਵਾਵਾਂ ਉਪਲਬਧ ਨਹੀਂ ਰਹਿਣਗੀਆਂ।
26 ਤੋਂ 28 ਜੂਨ ਤੱਕ ਨਹੀਂ ਹੋ ਸਕੇਗੀ ਆਨਲਾਈਨ ਕਲੇਮ ਸਬਮਿਸ਼ਨ
ਈਪੀਐੱਫਓ ਵੱਲੋਂ ਜਾਰੀ ਸੂਚਨਾ ਅਨੁਸਾਰ 26 ਜੂਨ ਤੋਂ 28 ਜੂਨ 2026 ਤੱਕ ਆਨਲਾਈਨ ਕਲੇਮ ਜਮ੍ਹਾਂ ਕਰਵਾਉਣ ਅਤੇ ਉਨ੍ਹਾਂ ਦੀ ਪ੍ਰਕਿਰਿਆ ਨਾਲ ਸਬੰਧਤ ਸੇਵਾਵਾਂ ਅਸਥਾਈ ਤੌਰ ’ਤੇ ਰੋਕੀਆਂ ਜਾਣਗੀਆਂ। ਇਸ ਦੌਰਾਨ ਮੈਂਬਰ ਪੀਐੱਫ ਨਿਕਾਸੀ, ਅਡਵਾਂਸ ਕਲੇਮ ਜਾਂ ਹੋਰ ਸੰਬੰਧਤ ਅਰਜ਼ੀਆਂ ਆਨਲਾਈਨ ਜਮ੍ਹਾਂ ਨਹੀਂ ਕਰ ਸਕਣਗੇ।
ਪਹਿਲਾਂ ਭੇਜੇ ਗਏ ਕਲੇਮਾਂ ‘ਤੇ ਵੀ ਨਹੀਂ ਹੋਵੇਗੀ ਕਾਰਵਾਈ
ਸੰਗਠਨ ਨੇ ਸਪੱਸ਼ਟ ਕੀਤਾ ਹੈ ਕਿ ਅਪਗ੍ਰੇਡੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਜਮ੍ਹਾਂ ਹੋਏ ਕਲੇਮਾਂ ਦੀ ਪ੍ਰਕਿਰਿਆ ਵੀ ਇਸ ਮਿਆਦ ਦੌਰਾਨ ਰੁਕੀ ਰਹੇਗੀ। ਇਨ੍ਹਾਂ ਅਰਜ਼ੀਆਂ ਦੀ ਜਾਂਚ ਅਤੇ ਨਿਪਟਾਰਾ ਸਿਸਟਮ ਮੁੜ ਚਾਲੂ ਹੋਣ ਤੋਂ ਬਾਅਦ ਹੀ ਕੀਤਾ ਜਾਵੇਗਾ।
29 ਜੂਨ ਤੋਂ ਸੇਵਾਵਾਂ ਮੁੜ ਹੋਣਗੀਆਂ ਸ਼ੁਰੂ
ਅਧਿਕਾਰਤ ਜਾਣਕਾਰੀ ਮੁਤਾਬਕ 26 ਜੂਨ ਦੀ ਅੱਧੀ ਰਾਤ ਤੋਂ ਲਾਗੂ ਹੋਣ ਵਾਲੀ ਇਹ ਰੋਕ 28 ਜੂਨ ਦੀ ਰਾਤ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ 29 ਜੂਨ 2026 ਤੋਂ ਸਾਰੀਆਂ ਡਿਜੀਟਲ ਸੇਵਾਵਾਂ ਆਮ ਵਾਂਗ ਮੁੜ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਮੈਂਬਰਾਂ ਨੂੰ ਪਹਿਲਾਂ ਤੋਂ ਯੋਜਨਾ ਬਣਾਉਣ ਦੀ ਸਲਾਹ
ਈਪੀਐੱਫਓ ਨੇ ਮੈਂਬਰਾਂ ਨੂੰ ਸਲਾਹ ਦਿੱਤੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਤੁਰੰਤ ਪੀਐੱਫ ਨਾਲ ਜੁੜੇ ਕੰਮ ਨਿਪਟਾਉਣੇ ਹਨ, ਉਹ ਇਸ ਸਮਾਂ-ਸਾਰਣੀ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਯੋਜਨਾ ਬਣਾਉਣ। ਸਿਸਟਮ ਅਪਗ੍ਰੇਡ ਪੂਰਾ ਹੋਣ ਤੋਂ ਬਾਅਦ ਸੇਵਾਵਾਂ ਹੋਰ ਤੇਜ਼, ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਉਪਲਬਧ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ।

