ਲੇਹ :- ਕੇਂਦਰ ਸ਼ਾਸ਼ਿਤ ਪ੍ਰਦੇਸ਼ ਲੱਦਾਖ ਦੇ ਲੇਹ ਇਲਾਕੇ ਵਿੱਚ ਵੀਰਵਾਰ ਤੜਕੇ ਅਚਾਨਕ ਆਏ ਭੂਚਾਲ ਨੇ ਲੋਕਾਂ ਨੂੰ ਘਬਰਾਹਟ ਵਿੱਚ ਪਾ ਦਿੱਤਾ। ਸਵੇਰੇ ਕਰੀਬ 3 ਵੱਜ ਕੇ 54 ਮਿੰਟ ‘ਤੇ ਮਹਿਸੂਸ ਹੋਏ ਝਟਕਿਆਂ ਨੇ ਲੋਕਾਂ ਦੀ ਨੀਂਦ ਖੋਲ੍ਹ ਦਿੱਤੀ। ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.1 ਦਰਜ ਕੀਤੀ ਗਈ ਅਤੇ ਇਸਦਾ ਕੇਂਦਰ ਧਰਤੀ ਦੇ ਲਗਭਗ 150 ਕਿਲੋਮੀਟਰ ਹੇਠਾਂ ਸੀ।
ਲੋਕ ਘਰਾਂ ਤੋਂ ਬਾਹਰ ਨਿਕਲਣ ਲਈ ਮਜਬੂਰ
ਭੂਚਾਲ ਦੇ ਝਟਕੇ ਲੱਗਦੇ ਹੀ ਘਰਾਂ ਵਿੱਚ ਸੋ ਰਹੇ ਲੋਕ ਹੜਬੜਾਹਟ ਵਿੱਚ ਜਾਗ ਪਏ। ਕਈਆਂ ਨੇ ਘਰਾਂ ਦੇ ਅੰਦਰ ਲਟਕਦੇ ਪੱਖਿਆਂ ਅਤੇ ਹੋਰ ਸਮਾਨ ਨੂੰ ਹਿਲਦਾ ਦੇਖਿਆ, ਜਿਸ ਨਾਲ ਡਰ ਹੋਰ ਵੱਧ ਗਿਆ। ਸੁਰੱਖਿਆ ਦੇ ਮੱਦੇਨਜ਼ਰ ਲੋਕ ਆਪਣੇ ਘਰ ਛੱਡ ਕੇ ਖੁੱਲ੍ਹੀਆਂ ਥਾਵਾਂ ਵੱਲ ਦੌੜੇ ਅਤੇ ਕੁਝ ਸਮੇਂ ਲਈ ਇਲਾਕੇ ਵਿੱਚ ਅਫਰਾਤਫਰੀ ਦਾ ਮਾਹੌਲ ਬਣਿਆ ਰਿਹਾ।
ਨੁਕਸਾਨ ਦੀ ਕੋਈ ਸੂਚਨਾ ਨਹੀਂ, ਪਰ ਡਰ ਕਾਇਮ
ਹਾਲਾਂਕਿ ਇਸ ਭੂਚਾਲ ਨਾਲ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਹੋਈ, ਪਰ ਅਚਾਨਕ ਆਏ ਝਟਕਿਆਂ ਨੇ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਬਣਾਇਆ ਰੱਖਿਆ। ਪ੍ਰਸ਼ਾਸਨ ਵੱਲੋਂ ਹਾਲਾਤ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਸੰਭਲ ਕੇ ਰਹਿਣ ਦੀ ਸਲਾਹ ਦਿੱਤੀ ਗਈ ਹੈ।

