ਨਵੀਂ ਦਿੱਲੀ :- ਦੇਸ਼ ਵਿੱਚ E20 ਪੈਟਰੋਲ ਨੂੰ ਲੈ ਕੇ ਵਿਰੋਧ ਦੀ ਆਵਾਜ਼ ਹੁਣ ਹੋਰ ਤੇਜ਼ ਹੋਣ ਲੱਗੀ ਹੈ। ‘E20 ਜਨਤਾ ਪਾਰਟੀ’ ਦੇ ਨਾਂ ਹੇਠ ਚੱਲ ਰਹੀ ਇੱਕ ਡਿਜੀਟਲ ਮੁਹਿੰਮ ਨੇ ਕੇਂਦਰ ਸਰਕਾਰ ਦੀ ਈਥਾਨੌਲ ਮਿਲਾਵਟ ਨੀਤੀ ਖ਼ਿਲਾਫ਼ ਦੇਸ਼-ਪੱਧਰੀ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਮੁਹਿੰਮ ਨਾਲ ਜੁੜੇ ਲੋਕਾਂ ਨੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਸੰਸਦ ਵੱਲ ਮਾਰਚ ਕਰਨ ਦਾ ਵੀ ਐਲਾਨ ਕੀਤਾ ਹੈ।
ਟ੍ਰਾਂਸਪੋਰਟਰਾਂ ਨੇ E20 ਪੈਟਰੋਲ ‘ਤੇ ਚੁੱਕੇ ਸਵਾਲ
ਮੁਹਿੰਮ ਨਾਲ ਜੁੜੀਆਂ ਟ੍ਰਾਂਸਪੋਰਟਰ ਐਸੋਸੀਏਸ਼ਨਾਂ ਅਤੇ ਹੋਰ ਨੁਮਾਇੰਦਿਆਂ ਦਾ ਕਹਿਣਾ ਹੈ ਕਿ 20 ਫ਼ੀਸਦੀ ਈਥਾਨੌਲ ਮਿਲਾਵਟ ਵਾਲੇ E20 ਪੈਟਰੋਲ ਕਾਰਨ ਕਈ ਵਾਹਨਾਂ ਦੀ ਮਾਈਲੇਜ ਘਟ ਰਹੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇੰਜਣ ਦੀ ਕਾਰਗੁਜ਼ਾਰੀ ‘ਤੇ ਵੀ ਅਸਰ ਪੈ ਰਿਹਾ ਹੈ ਅਤੇ ਰੱਖ-ਰਖਾਅ ਦਾ ਖ਼ਰਚ ਪਹਿਲਾਂ ਨਾਲੋਂ ਵੱਧ ਗਿਆ ਹੈ।
ਖਪਤਕਾਰਾਂ ਨੂੰ ਬਾਲਣ ਚੁਣਨ ਦੀ ਆਜ਼ਾਦੀ ਦੇਣ ਦੀ ਮੰਗ
ਵਿਰੋਧ ਕਰ ਰਹੇ ਸੰਗਠਨਾਂ ਨੇ ਮੰਗ ਕੀਤੀ ਹੈ ਕਿ ਪੈਟਰੋਲ ਦੀਆਂ ਕੀਮਤਾਂ ₹80 ਤੋਂ ₹90 ਪ੍ਰਤੀ ਲੀਟਰ ਦੇ ਵਿਚਕਾਰ ਲਿਆਂਦੀਆਂ ਜਾਣ। ਇਸ ਦੇ ਨਾਲ ਹੀ ਸਰਕਾਰ ਖਪਤਕਾਰਾਂ ਨੂੰ E-0 (ਬਿਨਾਂ ਈਥਾਨੌਲ), E20 ਜਾਂ E85 ਵਿੱਚੋਂ ਆਪਣੀ ਲੋੜ ਅਨੁਸਾਰ ਬਾਲਣ ਚੁਣਨ ਦਾ ਵਿਕਲਪ ਦੇਵੇ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਵੱਖ-ਵੱਖ ਕਿਸਮ ਦੇ ਬਾਲਣਾਂ ਦੀਆਂ ਕੀਮਤਾਂ ਵੀ ਵੱਖ-ਵੱਖ ਤੈਅ ਕੀਤੀਆਂ ਜਾਣ।
31 ਜੁਲਾਈ ਨੂੰ ਇੰਡੀਆ ਗੇਟ ਤੋਂ ਸੰਸਦ ਤੱਕ ਕੱਢਿਆ ਜਾਵੇਗਾ ਮਾਰਚ
ਅੰਦੋਲਨ ਦੇ ਅਗਲੇ ਪੜਾਅ ਤਹਿਤ 31 ਜੁਲਾਈ 2026 ਨੂੰ ਇੰਡੀਆ ਗੇਟ ਤੋਂ ਸੰਸਦ ਤੱਕ “ਗੱਡੀ ਮਾਰਚ–ਗਾਂਧੀ ਮਾਰਚ” ਕੱਢਣ ਦਾ ਐਲਾਨ ਕੀਤਾ ਗਿਆ ਹੈ। ਇਸ ਮਾਰਚ ਦੀ ਅਗਵਾਈ ਤਹਿਸੀਨ ਪੂਨਾਵਾਲਾ ਦੀ ‘ਟੀਮ ਇੰਡੀਆ’ ਵੱਲੋਂ ਕੀਤੀ ਜਾਵੇਗੀ। ਪ੍ਰਦਰਸ਼ਨਕਾਰੀਆਂ ਦਾ ਮੁੱਖ ਉਦੇਸ਼ ਸਸਤਾ ਪੈਟਰੋਲ ਅਤੇ ਵਿਕਲਪਕ ਬਾਲਣਾਂ ਦੀ ਚੋਣ ਦਾ ਅਧਿਕਾਰ ਯਕੀਨੀ ਬਣਾਉਣ ਦੀ ਮੰਗ ਕਰਨਾ ਹੈ।
4 ਅਗਸਤ ਨੂੰ ਜੰਤਰ-ਮੰਤਰ ‘ਤੇ ਵੱਡੇ ਇਕੱਠ ਦੀ ਤਿਆਰੀ
ਦਿੱਲੀ ਟੈਕਸੀ, ਟੂਰਿਸਟ ਟਰਾਂਸਪੋਰਟਰ ਐਂਡ ਟੂਰ ਆਪਰੇਟਰ ਐਸੋਸੀਏਸ਼ਨ ਨੇ ਵੀ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਸਮਰਾਟ ਅਨੁਸਾਰ 4 ਅਗਸਤ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਟੈਕਸੀ, ਬੱਸ, ਆਟੋ ਅਤੇ ਟੂਰਿਸਟ ਵਾਹਨਾਂ ਦੇ ਚਾਲਕ ਜੰਤਰ-ਮੰਤਰ ‘ਤੇ ਇਕੱਠੇ ਹੋਣਗੇ ਅਤੇ ਸੰਸਦ ਵੱਲ ਰੋਸ ਪ੍ਰਦਰਸ਼ਨ ਕਰਨਗੇ।
ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਧ ਰਿਹਾ ਸਮਰਥਨ
‘E20 ਜਨਤਾ ਪਾਰਟੀ’ ਦੇ ਨਾਂ ਨਾਲ ਚੱਲ ਰਹੀ ਇਹ ਡਿਜੀਟਲ ਮੁਹਿੰਮ ਸੋਸ਼ਲ ਮੀਡੀਆ ‘ਤੇ ਵੀ ਤੇਜ਼ੀ ਨਾਲ ਲੋਕਾਂ ਦਾ ਧਿਆਨ ਖਿੱਚ ਰਹੀ ਹੈ। X (ਪਹਿਲਾਂ ਟਵਿੱਟਰ) ‘ਤੇ ਇਸ ਨਾਲ ਜੁੜੇ ਅਕਾਊਂਟ ਨੂੰ 48 ਹਜ਼ਾਰ ਤੋਂ ਵੱਧ ਲੋਕ ਫਾਲੋ ਕਰ ਰਹੇ ਹਨ, ਜਦਕਿ ਇੰਸਟਾਗ੍ਰਾਮ ‘ਤੇ ਇਸ ਦੇ ਫਾਲੋਅਰਾਂ ਦੀ ਗਿਣਤੀ 1.77 ਲੱਖ ਤੋਂ ਪਾਰ ਹੋ ਚੁੱਕੀ ਹੈ।
ਰਸਮੀ ਸੰਸਥਾਪਕ ਸਾਹਮਣੇ ਨਹੀਂ ਆਇਆ
ਹੁਣ ਤੱਕ ਇਸ ਮੁਹਿੰਮ ਦੇ ਕਿਸੇ ਰਸਮੀ ਸੰਸਥਾਪਕ ਜਾਂ ਆਗੂ ਦੀ ਅਧਿਕਾਰਤ ਤੌਰ ‘ਤੇ ਪਛਾਣ ਸਾਹਮਣੇ ਨਹੀਂ ਆਈ। ਇਸ ਦੇ ਬਾਵਜੂਦ ਇਹ ਅਭਿਆਨ ਆਮ ਨਾਗਰਿਕਾਂ ਅਤੇ ਟ੍ਰਾਂਸਪੋਰਟਰਾਂ ਦੀ ਭਾਗੀਦਾਰੀ ਨਾਲ ਇੱਕ ਵੱਡੇ ਡਿਜੀਟਲ ਅੰਦੋਲਨ ਦਾ ਰੂਪ ਧਾਰਦਾ ਨਜ਼ਰ ਆ ਰਿਹਾ ਹੈ।

