ਜਲੰਧਰ :- ਜਲੰਧਰ ਬਾਈਪਾਸ ਚੌਕ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਨਾਲ ਹੋਈ ਬੇਅਦਬੀ ਦੇ ਵਿਰੋਧ ਵਿੱਚ ਵੀਰਵਾਰ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ। ਵਾਲਮੀਕਿ ਸਮਾਜ, ਰਵਿਦਾਸ ਸਮਾਜ ਸਮੇਤ ਹੋਰ ਜਥੇਬੰਦੀਆਂ ਦੇ ਮੈਂਬਰਾਂ ਨੇ ਇਸ ਦੌਰਾਨ ਸੜਕਾਂ ’ਤੇ ਉਤਰ ਕੇ ਰੋਸ ਪ੍ਰਗਟਾਇਆ। ਜਥੇਬੰਦੀਆਂ ਵੱਲੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰੱਖਿਆ ਗਿਆ।
ਪ੍ਰਸ਼ਾਸਨ ਨੇ ਘਟਨਾ ਨੂੰ ਦੱਸਿਆ ਨਿੰਦਣਯੋਗ
ਬੰਦ ਦੇ ਮੱਦੇਨਜ਼ਰ ਡੀਸੀ ਹਿਮਾਂਸ਼ੂ ਜੈਨ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਨਾਲ ਵਾਪਰੀ ਘਟਨਾ ਨਿੰਦਣਯੋਗ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੀ ਹਰਕਤ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।
ਪ੍ਰਤਿਮਾ ਦੀ ਸੁਰੱਖਿਆ ਲਈ 8 ਤੋਂ 10 ਕੈਮਰੇ ਲਗਾਉਣ ਦਾ ਫ਼ੈਸਲਾ
ਡੀਸੀ ਨੇ ਦੱਸਿਆ ਕਿ ਪ੍ਰਤਿਮਾ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਲਈ 8 ਤੋਂ 10 ਕੈਮਰੇ ਲਗਵਾਏ ਜਾਣਗੇ। ਇਸ ਤੋਂ ਇਲਾਵਾ ਪ੍ਰਤਿਮਾ ਦੇ ਨੇੜੇ ਇੱਕ ਪੀਸੀਆਰ ਵੈਨ ਹਰ ਸਮੇਂ ਮੌਜੂਦ ਰਹੇਗੀ, ਤਾਂ ਜੋ ਇਲਾਕੇ ਦੀ ਨਿਗਰਾਨੀ ਕੀਤੀ ਜਾ ਸਕੇ।
ਜਥੇਬੰਦੀਆਂ ਨਾਲ ਮੁੜ ਹੋਵੇਗੀ ਮੀਟਿੰਗ
ਹਿਮਾਂਸ਼ੂ ਜੈਨ ਨੇ ਕਿਹਾ ਕਿ ਵੱਖ-ਵੱਖ ਜਥੇਬੰਦੀਆਂ ਨਾਲ ਅਗਲੇ ਦਿਨ ਮੀਟਿੰਗ ਰੱਖੀ ਗਈ ਹੈ। ਇਸ ਦੌਰਾਨ ਜਥੇਬੰਦੀਆਂ ਵੱਲੋਂ ਰੱਖੀਆਂ ਜਾਣ ਵਾਲੀਆਂ ਮੰਗਾਂ ਬਾਰੇ ਵਿਚਾਰ ਕੀਤਾ ਜਾਵੇਗਾ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪੂਰਾ ਕਰਵਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਡੀਸੀ ਨੇ ਕਿਹਾ ਕਿ ਪ੍ਰਸ਼ਾਸਨ ਸਮਾਜ ਦੇ ਲੋਕਾਂ ਦੇ ਨਾਲ ਖੜ੍ਹਾ ਹੈ।

