ਦੁਬਈ :- ਦੁਬਈ ਦੇ ਕਾਰੋਬਾਰੀ ਅਤੇ ਸਮਾਜ ਸੇਵਕ ਸਤੀਸ਼ ਸੰਪਾਲ ਇੱਕ ਵਾਰ ਫਿਰ ਚਰਚਾ ਵਿੱਚ ਹਨ। ਰਿਪੋਰਟਾਂ ਮੁਤਾਬਕ ਸੰਯੁਕਤ ਅਰਬ ਅਮੀਰਾਤ (ਯੂਏਈ) ਦੀਆਂ ਜਾਂਚ ਏਜੰਸੀਆਂ ਵੱਲੋਂ ਮਨੀ ਲਾਂਡਰਿੰਗ ਨਾਲ ਜੁੜੇ ਇੱਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਸੰਪਾਲ ਦੀਆਂ ਕੁਝ ਜਾਇਦਾਦਾਂ ਅਤੇ ਵਿੱਤੀ ਲੈਣ-ਦੇਣ ਜਾਂਚ ਦੇ ਦਾਇਰੇ ਵਿੱਚ ਆ ਗਏ ਹਨ।
ਸਤੀਸ਼ ਸੰਪਾਲ ਨੈੱਟਫਲਿਕਸ ਦੇ ਰਿਐਲਿਟੀ ਸ਼ੋਅ ‘ਦੇਸੀ ਬਲਿੰਗ’ ਵਿੱਚ ਨਜ਼ਰ ਆਉਣ ਤੋਂ ਬਾਅਦ ਵੀ ਕਾਫ਼ੀ ਚਰਚਾ ਵਿੱਚ ਰਹੇ ਹਨ। ਉਹ ਆਪਣੀ ਆਲੀਸ਼ਾਨ ਜੀਵਨ ਸ਼ੈਲੀ ਅਤੇ ਬਾਲੀਵੁੱਡ ਸਮੇਤ ਕਈ ਮਸ਼ਹੂਰ ਹਸਤੀਆਂ ਨਾਲ ਮੁਲਾਕਾਤਾਂ ਕਾਰਨ ਅਕਸਰ ਖ਼ਬਰਾਂ ਵਿੱਚ ਰਹਿੰਦੇ ਹਨ। ਰਿਪੋਰਟਾਂ ਅਨੁਸਾਰ ਹੁਣ ਉਨ੍ਹਾਂ ਦੇ ਕਾਰੋਬਾਰੀ ਕੰਮਕਾਜ ਅਤੇ ਸੰਪਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਬਲਪੁਰ ਤੋਂ ਦੁਬਈ ਤੱਕ ਦਾ ਸਫ਼ਰ
ਸਤੀਸ਼ ਸੰਪਾਲ ਮੱਧ ਪ੍ਰਦੇਸ਼ ਦੇ ਜਬਲਪੁਰ ਨਾਲ ਸਬੰਧਤ ਹਨ। ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਅੱਠਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ ਨੌਜਵਾਨੀ ਵਿੱਚ ਕਾਰੋਬਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਆਪਣੀ ਮਾਂ ਤੋਂ 50 ਹਜ਼ਾਰ ਰੁਪਏ ਲੈ ਕੇ ਕਰਿਆਨੇ ਦੀ ਦੁਕਾਨ ਸ਼ੁਰੂ ਕੀਤੀ ਸੀ, ਪਰ ਇਹ ਯਤਨ ਕਾਮਯਾਬ ਨਹੀਂ ਹੋ ਸਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਸਟਾਕ ਮਾਰਕੀਟ ਵਿੱਚ ਕਮਿਸ਼ਨ ਬ੍ਰੋਕਰ ਵਜੋਂ ਕੰਮ ਕੀਤਾ। ਬਾਅਦ ਵਿੱਚ ਉਹ ਘੱਟ ਪੂੰਜੀ ਨਾਲ ਦੁਬਈ ਪਹੁੰਚੇ ਅਤੇ ਰੀਅਲ ਅਸਟੇਟ ਅਤੇ ਸੋਨੇ ਦੇ ਕਾਰੋਬਾਰ ਵਿੱਚ ਆਪਣਾ ਹੱਥ ਅਜ਼ਮਾਇਆ।
ANAX ਹੋਲਡਿੰਗ ਨਾਲ ਬਣਾਈ ਪਛਾਣ
ਰਿਪੋਰਟਾਂ ਅਨੁਸਾਰ ਸਤੀਸ਼ ਸੰਪਾਲ ਨੇ ਬਾਅਦ ਵਿੱਚ ANAX ਹੋਲਡਿੰਗ ਨਾਮ ਦੀ ਕੰਪਨੀ ਸਥਾਪਤ ਕੀਤੀ। ਇਸ ਕੰਪਨੀ ਦੀ ਕੀਮਤ ਅਰਬਾਂ ਡਾਲਰ ਦੱਸੀ ਜਾਂਦੀ ਹੈ। ਦੁਬਈ ਵਿੱਚ ਉਹ ਆਪਣੀ ਸ਼ਾਨਦਾਰ ਜੀਵਨ ਸ਼ੈਲੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਬੁਰਜ ਖਲੀਫਾ ਵਿੱਚ ਲਗਜ਼ਰੀ ਘਰ ਹੋਣ ਅਤੇ ਮਹਿੰਗੀਆਂ ਗੱਡੀਆਂ ਤੇ ਕੀਮਤੀ ਤੋਹਫ਼ਿਆਂ ਸਬੰਧੀ ਦਾਅਵਿਆਂ ਕਾਰਨ ਵੀ ਉਹ ਕਈ ਵਾਰ ਸੁਰਖੀਆਂ ਵਿੱਚ ਰਹੇ ਹਨ।
ਜਾਂਚ ਦੇ ਨਤੀਜਿਆਂ ਤੇ ਨਜ਼ਰ
ਫਿਲਹਾਲ ਯੂਏਈ ਦੀਆਂ ਜਾਂਚ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਕਾਰਵਾਈ ਸਬੰਧੀ ਅਧਿਕਾਰਤ ਤੌਰ ’ਤੇ ਹੋਰ ਜਾਣਕਾਰੀ ਦੀ ਉਡੀਕ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਨਾਲ ਜੁੜੇ ਤੱਥਾਂ ਦੀ ਸਪੱਸ਼ਟ ਤਸਵੀਰ ਸਾਹਮਣੇ ਆ ਸਕੇਗੀ।

