ਪੱਛਮੀ ਬੰਗਾਲ :- ਪੱਛਮੀ ਬੰਗਾਲ ਦੀ ਸਿਆਸਤ ਵਿੱਚ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਖ਼ਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ’ਤੇ ਚੋਣ ਪ੍ਰਚਾਰ ਦੌਰਾਨ ਕਥਿਤ ਤੌਰ ’ਤੇ ਭੜਕਾਊ ਅਤੇ ਇਤਰਾਜ਼ਯੋਗ ਬਿਆਨ ਦੇਣ ਦੇ ਦੋਸ਼ ਲਗੇ ਹਨ।
ਅਮਿਤ ਸ਼ਾਹ ਨੂੰ ਧਮਕੀ ਦੇਣ ਦਾ ਵੀ ਦੋਸ਼
ਸ਼ਿਕਾਇਤ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਅਭਿਸ਼ੇਕ ਬੈਨਰਜੀ ਨੇ ਚੋਣ ਮੁਹਿੰਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਤਿੱਖੀ ਭਾਸ਼ਾ ਵਰਤੀ ਅਤੇ ਉਨ੍ਹਾਂ ਨੂੰ ਧਮਕੀ ਭਰੇ ਲਹਿਜ਼ੇ ਵਿੱਚ ਸੰਬੋਧਨ ਕੀਤਾ। ਇਹ ਦੋਸ਼ ਚੋਣ ਰੈਲੀਆਂ ਦੌਰਾਨ ਦਿੱਤੇ ਗਏ ਭਾਸ਼ਣਾਂ ਨੂੰ ਆਧਾਰ ਬਣਾਕੇ ਲਗਾਏ ਗਏ ਹਨ।
ਸਮਾਜਿਕ ਕਾਰਕੁਨ ਨੇ ਦਰਜ ਕਰਵਾਈ ਸ਼ਿਕਾਇਤ
ਇਹ ਸ਼ਿਕਾਇਤ ਸਮਾਜਿਕ ਕਾਰਕੁਨ ਰਾਜੀਬ ਸਰਕਾਰ ਵੱਲੋਂ ਦਰਜ ਕਰਵਾਈ ਗਈ ਹੈ। ਜਾਣਕਾਰੀ ਅਨੁਸਾਰ ਚੋਣ ਨਤੀਜੇ ਆਉਣ ਤੋਂ ਇੱਕ ਦਿਨ ਬਾਅਦ, 5 ਮਈ ਨੂੰ ਬਾਗੁਈਹਾਟੀ ਥਾਣੇ ਵਿੱਚ ਇਹ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ 27 ਅਪ੍ਰੈਲ ਤੋਂ 3 ਮਈ ਦਰਮਿਆਨ ਹੋਈਆਂ ਕਈ ਚੋਣ ਸਭਾਵਾਂ ਵਿੱਚ ਅਭਿਸ਼ੇਕ ਬੈਨਰਜੀ ਵੱਲੋਂ ਵਿਵਾਦਿਤ ਬਿਆਨਬਾਜ਼ੀ ਕੀਤੀ ਗਈ।
ਵੀਡੀਓ ਸਬੂਤ ਵੀ ਪੁਲਿਸ ਹਵਾਲੇ
ਰਾਜੀਬ ਸਰਕਾਰ ਨੇ ਆਪਣੀ ਸ਼ਿਕਾਇਤ ਦੇ ਨਾਲ ਕੁਝ ਵੀਡੀਓ ਲਿੰਕ ਵੀ ਪੁਲਿਸ ਨੂੰ ਸੌਂਪੇ ਹਨ, ਜਿਨ੍ਹਾਂ ਵਿੱਚ ਕਥਿਤ ਤੌਰ ’ਤੇ ਅਭਿਸ਼ੇਕ ਬੈਨਰਜੀ ਦੇ ਭਾਸ਼ਣ ਦਰਜ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਾਰੇ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਸਿਆਸੀ ਮਾਹੌਲ ਹੋਇਆ ਗਰਮ
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੱਛਮੀ ਬੰਗਾਲ ਦੀ ਸਿਆਸਤ ਵਿੱਚ ਚਰਚਾ ਤੇਜ਼ ਹੋ ਗਈ ਹੈ। ਵਿਰੋਧੀ ਧਿਰ ਵੱਲੋਂ ਤ੍ਰਿਣਮੂਲ ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਪਾਰਟੀ ਆਗੂਆਂ ਵੱਲੋਂ ਇਸਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਜਾ ਰਿਹਾ ਹੈ।

