ਪੱਛਮੀ ਬੰਗਾਲ :- ਪੱਛਮੀ ਬੰਗਾਲ ਦੀ ਸਿਆਸਤ ਵਿੱਚ ਇਤਿਹਾਸਕ ਮੋੜ ਆ ਗਿਆ ਜਦੋਂ ਭਾਜਪਾ ਆਗੂ ਸ਼ੁਭੇਂਦੁ ਅਧਿਕਾਰੀ ਨੇ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਕੋਲਕਾਤਾ ਦੇ ਪ੍ਰਸਿੱਧ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਹੋਏ ਵਿਸ਼ਾਲ ਸਮਾਗਮ ਦੌਰਾਨ ਉਨ੍ਹਾਂ ਨੇ ਬੰਗਾਲੀ ਭਾਸ਼ਾ ਵਿੱਚ ਅਹੁਦੇ ਅਤੇ ਗੋਪਨੀਯਤਾ ਦੀ ਸਹੁੰ ਲਈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਦੇ ਕਈ ਸੀਨੀਅਰ ਆਗੂ ਮੌਜੂਦ ਰਹੇ।
ਸ਼ਪਥ ਤੋਂ ਪਹਿਲਾਂ ਕੀਤਾ ਭਾਵੁਕ ਸੰਦੇਸ਼ ਸਾਂਝਾ
ਸਹੁੰ ਚੁੱਕਣ ਤੋਂ ਪਹਿਲਾਂ ਸ਼ੁਭੇਂਦੁ ਅਧਿਕਾਰੀ ਨੇ ਸਮਾਜਿਕ ਮੰਚ ‘ਐਕਸ’ ’ਤੇ ਇਕ ਸੰਦੇਸ਼ ਜਾਰੀ ਕਰਦਿਆਂ ਇਸ ਦਿਨ ਨੂੰ ਪੱਛਮੀ ਬੰਗਾਲ ਲਈ ਇਤਿਹਾਸਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਅਤੇ ਇਹ ਪਲ ਪਾਰਟੀ ਦੇ ਸੰਸਥਾਪਕ ਆਗੂਆਂ ਦੇ ਸੁਪਨਿਆਂ ਨੂੰ ਸਾਕਾਰ ਹੋਣ ਵਰਗਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੋਲਕਾਤਾ ਪਹੁੰਚਣ ’ਤੇ ਸਵਾਗਤ ਵੀ ਕੀਤਾ।
ਭਾਜਪਾ ਅਤੇ ਐਨਡੀਏ ਦੇ ਕਈ ਵੱਡੇ ਆਗੂ ਰਹੇ ਮੌਜੂਦ
ਸਮਾਗਮ ਦੌਰਾਨ ਕੇਂਦਰੀ ਮੰਤਰੀ ਜੇ.ਪੀ. ਨੱਡਾ, ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਸਮੇਤ ਐਨਡੀਏ ਦੇ ਕਈ ਸੀਨੀਅਰ ਨੇਤਾ ਮੰਚ ’ਤੇ ਨਜ਼ਰ ਆਏ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਸਮਰਥਕ ਅਤੇ ਆਮ ਲੋਕ ਵੀ ਸ਼ਾਮਲ ਹੋਏ। ਪੂਰੇ ਮੈਦਾਨ ਵਿੱਚ ਜਸ਼ਨ ਵਾਲਾ ਮਾਹੌਲ ਦੇਖਣ ਨੂੰ ਮਿਲਿਆ।
ਬੰਗਾਲ ਦੀ ਸਿਆਸਤ ਵਿੱਚ ਨਵੇਂ ਦੌਰ ਦੀ ਸ਼ੁਰੂਆਤ
ਸ਼ੁਭੇਂਦੁ ਅਧਿਕਾਰੀ ਦੇ ਮੁੱਖ ਮੰਤਰੀ ਬਣਨ ਨਾਲ ਪੱਛਮੀ ਬੰਗਾਲ ਦੀ ਸਿਆਸਤ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ। ਭਾਜਪਾ ਆਗੂਆਂ ਨੇ ਇਸਨੂੰ ਸੂਬੇ ਵਿੱਚ ਵਿਕਾਸ ਅਤੇ ਬਦਲਾਅ ਦੀ ਨਵੀਂ ਸ਼ੁਰੂਆਤ ਕਰਾਰ ਦਿੱਤਾ ਹੈ।

