17,900 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦੀ ਦੇਣਗੇ ਸੌਗਾਤ, ਕਰਨਾਟਕ ‘ਚ ਵਿਵੇਕ ਸਮਾਰਕ ਦਾ ਵੀ ਕਰਨਗੇ ਲੋਕ ਅਰਪਣ
ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦੇ ਇੱਕ ਦਿਨਾ ਦੌਰੇ ਤੇ ਰਹਿਣਗੇ। ਇਸ ਦੌਰਾਨ ਉਹ ਆਂਧਰਾ ਪ੍ਰਦੇਸ਼ ਦੇ ਭੋਗਾਪੁਰਮ ਵਿੱਚ ਨਵੇਂ ਬਣੇ ਅੱਲੂਰੀ ਸੀਤਾਰਾਮ ਰਾਜੂ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਅਤੇ 17,900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਕੁਝ ਯੋਜਨਾਵਾਂ ਲੋਕਾਂ ਨੂੰ ਸਮਰਪਿਤ ਵੀ ਕਰਨਗੇ। ਇਸ ਮੌਕੇ ਉਹ ਜਨ ਸਭਾ ਨੂੰ ਸੰਬੋਧਨ ਵੀ ਕਰਨਗੇ।
5,640 ਕਰੋੜ ਰੁਪਏ ਨਾਲ ਤਿਆਰ ਹੋਇਆ ਗ੍ਰੀਨਫੀਲਡ ਹਵਾਈ ਅੱਡਾ
ਭੋਗਾਪੁਰਮ ਵਿੱਚ ਬਣਿਆ ਅੱਲੂਰੀ ਸੀਤਾਰਾਮ ਰਾਜੂ ਅੰਤਰਰਾਸ਼ਟਰੀ ਹਵਾਈ ਅੱਡਾ ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਮਾਡਲ ਤਹਿਤ 5,640 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ। ਇਹ ਹਵਾਈ ਅੱਡਾ ਹਰ ਸਾਲ ਕਰੀਬ 60 ਲੱਖ ਯਾਤਰੀਆਂ ਨੂੰ ਸੇਵਾਵਾਂ ਦੇਣ ਦੀ ਸਮਰੱਥਾ ਰੱਖਦਾ ਹੈ ਅਤੇ ਆਂਧਰਾ ਪ੍ਰਦੇਸ਼ ਦੇ ਹਵਾਈ ਸੰਪਰਕ ਨੂੰ ਹੋਰ ਮਜ਼ਬੂਤ ਬਣਾਏਗਾ।
ਆਧੁਨਿਕ ਤਕਨਾਲੋਜੀ ਨਾਲ ਲੈਸ ਹੋਵੇਗਾ ਹਵਾਈ ਅੱਡਾ
ਹਵਾਈ ਅੱਡੇ ਦੇ ਟਰਮੀਨਲ ਨੂੰ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਆਧੁਨਿਕ ਢੰਗ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਬਾਇਓਮੈਟ੍ਰਿਕ ਯਾਤਰੀ ਜਾਂਚ ਪ੍ਰਣਾਲੀ, ਸਵੈਚਾਲਿਤ ਸਮਾਨ ਪ੍ਰਬੰਧਨ ਪ੍ਰਣਾਲੀ, ਏਅਰਪੋਰਟ ਪ੍ਰੀਡਿਕਟਿਵ ਆਪ੍ਰੇਸ਼ਨਜ਼ ਸੈਂਟਰ ਅਤੇ ਹੋਰ ਉੱਨਤ ਡਿਜ਼ਿਟਲ ਤਕਨਾਲੋਜੀਆਂ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਨਾਲ ਹਵਾਈ ਅੱਡੇ ਦੇ ਸੰਚਾਲਨ, ਸੁਰੱਖਿਆ ਅਤੇ ਯਾਤਰੀਆਂ ਦੀਆਂ ਸਹੂਲਤਾਂ ਵਿੱਚ ਸੁਧਾਰ ਆਉਣ ਦੀ ਉਮੀਦ ਹੈ।
ਆਂਧਰਾ ਦੀ ਸੱਭਿਆਚਾਰਕ ਪਛਾਣ ਨੂੰ ਦਰਸਾਉਂਦਾ ਹੈ ਡਿਜ਼ਾਈਨ
ਟਰਮੀਨਲ ਭਵਨ ਦੀ ਰੂਪ-ਰੇਖਾ ਆਂਧਰਾ ਪ੍ਰਦੇਸ਼ ਦੀ ਸੱਭਿਆਚਾਰਕ ਅਤੇ ਵਾਸਤੂਕਲਾ ਵਿਰਾਸਤ ਤੋਂ ਪ੍ਰੇਰਿਤ ਹੈ। ਇਮਾਰਤ ਦੀ ਛੱਤ ਰਵਾਇਤੀ ਚੁੱਟੀਲੂ ਝੌਂਪੜੀਆਂ ਅਤੇ ਅਰਕੂ ਘਾਟੀ ਦੇ ਕੁਦਰਤੀ ਨਜ਼ਾਰਿਆਂ ਦੀ ਝਲਕ ਪੇਸ਼ ਕਰਦੀ ਹੈ, ਜਦਕਿ ਇਸ ਦਾ ਡਿਜ਼ਾਈਨ ਉੱਡਦੀ ਮੱਛੀ ਦੀ ਗਤੀ ਨੂੰ ਦਰਸਾਉਂਦਾ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਸੈਰ-ਸਪਾਟਾ, ਉਦਯੋਗ, ਨਿਵੇਸ਼ ਅਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਹੋਵੇਗਾ।
ਸੈਮੀਕੰਡਕਟਰ ਪ੍ਰੋਜੈਕਟ ਦਾ ਵੀ ਰੱਖਣਗੇ ਨੀਂਹ ਪੱਥਰ
ਪ੍ਰਧਾਨ ਮੰਤਰੀ ਵਿਸ਼ਾਖਾਪਟਨਮ ਵਿੱਚ 460 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸਥਾਪਤ ਕੀਤੇ ਜਾਣ ਵਾਲੇ ਏਐੱਸਆਈਪੀ ਸੈਮੀਕੰਡਕਟਰ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਪ੍ਰੋਜੈਕਟ ਨੂੰ ਇਲੈਕਟ੍ਰਾਨਿਕ ਨਿਰਮਾਣ ਖੇਤਰ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਮੈਸੂਰੂ ਵਿੱਚ ਵਿਵੇਕਾਨੰਦ ਸੱਭਿਆਚਾਰਕ ਕੇਂਦਰ ਦਾ ਕਰਨਗੇ ਉਦਘਾਟਨ
ਆਂਧਰਾ ਪ੍ਰਦੇਸ਼ ਦਾ ਦੌਰਾ ਪੂਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਕਰਨਾਟਕ ਦੇ ਮੈਸੂਰੂ ਪਹੁੰਚਣਗੇ, ਜਿੱਥੇ ਉਹ ਸ਼੍ਰੀ ਰਾਮਕ੍ਰਿਸ਼ਨ ਆਸ਼ਰਮ ਵਿਖੇ ਬਣੇ ਸਵਾਮੀ ਵਿਵੇਕਾਨੰਦ ਸੱਭਿਆਚਾਰਕ ਨੌਜਵਾਨ ਕੇਂਦਰ–ਵਿਵੇਕ ਸਮਾਰਕ ਦਾ ਉਦਘਾਟਨ ਕਰਨਗੇ। ਇਸ ਸਮਾਗਮ ਵਿੱਚ ਵੀ ਉਹ ਲੋਕਾਂ ਨੂੰ ਸੰਬੋਧਨ ਕਰਨਗੇ।

