ਮੁੰਬਈ :- ਬਾਲੀਵੁੱਡ ਦੇ ਦਿੱਗਜ ਅਦਾਕਾਰ ਪ੍ਰਦੀਪ ਰਾਵਤ ਦਾ 74 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ‘ਲਗਾਨ’ ਅਤੇ ‘ਗਜਨੀ’ ਵਰਗੀਆਂ ਚਰਚਿਤ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਪਛਾਣ ਬਣਾਉਣ ਵਾਲੇ ਰਾਵਤ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਫਿਲਮ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ।
ਲੰਬੇ ਸਮੇਂ ਤੋਂ ਬਲੱਡ ਕੈਂਸਰ ਨਾਲ ਸਨ ਪੀੜਤ
ਜਾਣਕਾਰੀ ਮੁਤਾਬਕ ਪ੍ਰਦੀਪ ਰਾਵਤ ਪਿਛਲੇ ਲੰਬੇ ਸਮੇਂ ਤੋਂ ਬਲੱਡ ਕੈਂਸਰ ਨਾਲ ਜੂਝ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਦਿਹਾਂਤ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ।
ਤਿੰਨ ਦਹਾਕਿਆਂ ਤੋਂ ਵੱਧ ਰਿਹਾ ਫਿਲਮੀ ਸਫ਼ਰ
ਪ੍ਰਦੀਪ ਰਾਵਤ ਨੇ ਆਪਣੇ ਤਿੰਨ ਦਹਾਕਿਆਂ ਤੋਂ ਵੱਧ ਲੰਬੇ ਫਿਲਮੀ ਕਰੀਅਰ ਦੌਰਾਨ ਹਿੰਦੀ ਤੋਂ ਇਲਾਵਾ ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਫਿਲਮਾਂ ਵਿੱਚ ਵੀ ਕੰਮ ਕੀਤਾ। ਉਹ ਖ਼ਾਸ ਤੌਰ ‘ਤੇ ਨਕਾਰਾਤਮਕ ਕਿਰਦਾਰਾਂ ਲਈ ਜਾਣੇ ਜਾਂਦੇ ਸਨ। ਫਿਲਮ ‘ਲਗਾਨ’ ਵਿੱਚ ਉਨ੍ਹਾਂ ਦਾ ਗੋਲੀ ਅਤੇ ‘ਗਜਨੀ’ ਵਿੱਚ ਉਨ੍ਹਾਂ ਦਾ ਕਿਰਦਾਰ ਦਰਸ਼ਕਾਂ ਵਿੱਚ ਕਾਫ਼ੀ ਮਸ਼ਹੂਰ ਹੋਇਆ।
ਫਿਲਮ ਜਗਤ ਨੇ ਦਿੱਤੀ ਸ਼ਰਧਾਂਜਲੀ
ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ ਵੀ ਪ੍ਰਦੀਪ ਰਾਵਤ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਐਸੋਸੀਏਸ਼ਨ ਨੇ ਕਿਹਾ ਕਿ ਆਪਣੀ ਪ੍ਰਭਾਵਸ਼ਾਲੀ ਸਕ੍ਰੀਨ ਮੌਜੂਦਗੀ ਅਤੇ ਯਾਦਗਾਰ ਨਕਾਰਾਤਮਕ ਕਿਰਦਾਰਾਂ ਰਾਹੀਂ ਰਾਵਤ ਨੇ ਭਾਰਤੀ ਸਿਨੇਮਾ ਵਿੱਚ ਵੱਖਰੀ ਪਛਾਣ ਬਣਾਈ।
ਐਸੋਸੀਏਸ਼ਨ ਨੇ ਕਿਹਾ ਕਿ ਉਨ੍ਹਾਂ ਦੀ ਅਦਾਕਾਰੀ ਅਤੇ ਭਾਰਤੀ ਫਿਲਮ ਉਦਯੋਗ ਵਿੱਚ ਦਿੱਤੇ ਯੋਗਦਾਨ ਨੂੰ ਦਰਸ਼ਕ ਲੰਬੇ ਸਮੇਂ ਤੱਕ ਯਾਦ ਰੱਖਣਗੇ। ਉਨ੍ਹਾਂ ਦੇ ਦਿਹਾਂਤ ਨੂੰ ਸਿਨੇਮਾ ਜਗਤ ਲਈ ਵੱਡਾ ਘਾਟਾ ਦੱਸਿਆ ਗਿਆ ਹੈ।

