ਤੇਲੰਗਾਨਾ :- ਤੇਲੰਗਾਨਾ ਦੇ ਸੂਰਿਆਪੇਟ ਜ਼ਿਲ੍ਹੇ ਵਿੱਚ ਬੁੱਧਵਾਰ ਤੜਕੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਤੋਂ ਵੱਧ ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ 5 ਔਰਤਾਂ ਸ਼ਾਮਲ ਹਨ। ਇਹ ਹਾਦਸਾ ਇੱਕ ਨਿੱਜੀ ਬੱਸ ਅਤੇ ਲੋਹੇ ਦੀਆਂ ਛੜਾਂ ਨਾਲ ਭਰੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ ਕਾਰਨ ਵਾਪਰਿਆ। ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।
ਤੜਕੇ 4.30 ਵਜੇ ਵਾਪਰਿਆ ਹਾਦਸਾ
ਮੁੱਢਲੀ ਜਾਂਚ ਅਨੁਸਾਰ ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 4.30 ਵਜੇ ਕੋਡਾਡ ਮੰਡਲ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਹੈਦਰਾਬਾਦ ਤੋਂ ਆਂਧਰਾ ਪ੍ਰਦੇਸ਼ ਦੇ ਏਲੂਰੂ ਵੱਲ ਜਾ ਰਹੀ ਨਿੱਜੀ ਬੱਸ ਵਿੱਚ 42 ਯਾਤਰੀ ਸਵਾਰ ਸਨ। ਇਸ ਦੌਰਾਨ ਬੱਸ ਦੀ ਲੋਹੇ ਦੀਆਂ ਛੜਾਂ ਨਾਲ ਲੱਦੇ ਟਰੱਕ ਨਾਲ ਟੱਕਰ ਹੋ ਗਈ।
ਟੱਕਰ ਤੋਂ ਬਾਅਦ ਬੱਸ ਬੁਰੀ ਤਰ੍ਹਾਂ ਨੁਕਸਾਨੀ
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਮੌਕੇ ’ਤੇ ਹਾਹਾਕਾਰ ਮਚ ਗਈ। ਆਸ-ਪਾਸ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ।
6 ਲੋਕਾਂ ਦੀ ਮੌਤ, 12 ਤੋਂ ਵੱਧ ਜ਼ਖਮੀ
ਪੁਲਿਸ ਮੁਤਾਬਕ ਹਾਦਸੇ ਵਿੱਚ 5 ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਘੱਟੋ-ਘੱਟ 12 ਹੋਰ ਯਾਤਰੀ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

