ਨਵੀਂ ਦਿੱਲੀ :- ਸੁਪਰੀਮ ਕੋਰਟ ਕਾਲਜੀਅਮ ਨੇ ਨਿਆਂਪਾਲਿਕਾ ਵਿੱਚ ਅਹਿਮ ਨਿਯੁਕਤੀਆਂ ਸਬੰਧੀ ਵੱਡਾ ਫ਼ੈਸਲਾ ਲੈਂਦਿਆਂ ਚਾਰ ਹਾਈ ਕੋਰਟਾਂ ਦੇ ਮੁੱਖ ਜੱਜਾਂ ਅਤੇ ਇੱਕ ਸੀਨੀਅਰ ਵਕੀਲ ਦੇ ਨਾਂ ਸੁਪਰੀਮ ਕੋਰਟ ਦੇ ਜੱਜ ਵਜੋਂ ਉੱਚੇ ਦਰਜੇ ਲਈ ਸਿਫ਼ਾਰਸ਼ ਕੀਤੀ ਹੈ। ਇਨ੍ਹਾਂ ਨਾਵਾਂ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਸ਼੍ਰੀ ਜਸਟਿਸ ਸ਼ੀਲ ਨਾਗੂ ਦਾ ਨਾਮ ਵੀ ਸ਼ਾਮਲ ਹੈ।
ਕਾਲਜੀਅਮ ਦੀਆਂ ਮੀਟਿੰਗਾਂ ਵਿੱਚ ਹੋਇਆ ਫ਼ੈਸਲਾ
ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਕਾਲਜੀਅਮ ਨੇ 22 ਅਤੇ 27 ਮਈ ਨੂੰ ਹੋਈਆਂ ਮੀਟਿੰਗਾਂ ਦੌਰਾਨ ਇਹ ਫ਼ੈਸਲਾ ਲਿਆ। ਜਿਨ੍ਹਾਂ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ ਹੈ, ਉਨ੍ਹਾਂ ਵਿੱਚ ਬੰਬੇ ਹਾਈ ਕੋਰਟ ਦੇ ਮੁੱਖ ਜੱਜ ਸ਼੍ਰੀ ਜਸਟਿਸ ਸ਼੍ਰੀ ਚੰਦਰਸ਼ੇਖਰ, ਮੱਧ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਜੱਜ ਸ਼੍ਰੀ ਜਸਟਿਸ ਸੰਜੀਵ ਸਚਦੇਵਾ ਅਤੇ ਜੰਮੂ-ਕਸ਼ਮੀਰ ਤੇ ਲੱਦਾਖ ਹਾਈ ਕੋਰਟ ਦੇ ਮੁੱਖ ਜੱਜ ਸ਼੍ਰੀ ਜਸਟਿਸ ਅਰੁਣ ਪੱਲੀ ਵੀ ਸ਼ਾਮਲ ਹਨ।
ਸੀਨੀਅਰ ਐਡਵੋਕੇਟ ਵੀ ਸੂਚੀ ਵਿੱਚ ਸ਼ਾਮਲ
ਕਾਲਜੀਅਮ ਵੱਲੋਂ ਸੁਪਰੀਮ ਕੋਰਟ ਦੀ ਸੀਨੀਅਰ ਐਡਵੋਕੇਟ ਸ਼੍ਰੀਮਤੀ ਵੀ. ਮੋਹਨਾ ਦੇ ਨਾਂ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਨਿਆਂਕ ਹਲਕਿਆਂ ਵਿੱਚ ਇਸ ਫ਼ੈਸਲੇ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ ਹੋਵੇਗੀ 37
ਜੇਕਰ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਨਾਵਾਂ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਕੁੱਲ ਗਿਣਤੀ 37 ਤੱਕ ਪਹੁੰਚ ਜਾਵੇਗੀ। ਇਸ ਵੇਲੇ ਸੁਪਰੀਮ ਕੋਰਟ ਵਿੱਚ 32 ਜੱਜ ਸੇਵਾਵਾਂ ਨਿਭਾ ਰਹੇ ਹਨ।

