ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਬੀਤੇ ਕੱਲ੍ਹ ਧੂਰੀ ਨਗਰ ਨਿਗਮ ਚੋਣਾਂ ਦੌਰਾਨ ਕੀਤੇ ਗਏ ਵਿਵਹਾਰ ਨੂੰ ਬੇਹੱਦ ਸ਼ਰਮਨਾਕ, ਨਿੰਦਣਯੋਗ ਅਤੇ ਉਨ੍ਹਾਂ ਦੀ ਘਟੀਆ ਮਾਨਸਿਕਤਾ ਦਾ ਪ੍ਰਤੀਕ ਦੱਸਿਆ ਹੈ। ਪੰਨੂ ਨੇ ਕਿਹਾ ਕਿ ਕੇਂਦਰ ਸਰਕਾਰ ਵਿੱਚ ਇੱਕ ਜ਼ਿੰਮੇਵਾਰ ਮੰਤਰਾਲਾ ਸੰਭਾਲ ਰਹੇ ਵਿਅਕਤੀ ਵੱਲੋਂ ਆਨ-ਕੈਮਰਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਗਾਲ੍ਹਾਂ ਕੱਢਣਾ, ਇੱਕ ਮਹਿਲਾ ਐੱਸਐੱਸਪੀ ਦਾ ਅਪਮਾਨ ਕਰਨਾ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਣਾ ਇਹ ਸਾਬਤ ਕਰਦਾ ਹੈ ਕਿ ਭਾਜਪਾ ਦੇ ਆਗੂਆਂ ਦੇ ਸਿਰ ਸੱਤਾ ਦਾ ਹੰਕਾਰ ਚੜ੍ਹ ਕੇ ਬੋਲ ਰਿਹਾ ਹੈ।
ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨਾ ਤਾਂ ਧੂਰੀ ਦੇ ਵਸਨੀਕ ਹਨ ਅਤੇ ਨਾ ਹੀ ਉੱਥੋਂ ਦੇ ਵੋਟਰ ਹਨ। ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਬਾਹਰੀ ਵਿਅਕਤੀਆਂ ਦਾ ਇਲਾਕੇ ਵਿੱਚ ਰਹਿਣਾ ਗ਼ੈਰ-ਕਾਨੂੰਨੀ ਹੈ, ਪਰ ਬਿੱਟੂ ਨੇ ਨਾ ਸਿਰਫ਼ ਨਿਯਮਾਂ ਨੂੰ ਛਿੱਕੇ ਟੰਗਿਆ ਬਲਕਿ ਭਾਰੀ ਪੁਲਿਸ ਫੋਰਸ ਦੇ ਕੰਮ ਵਿੱਚ ਸਿੱਧੇ ਤੌਰ ‘ਤੇ ਵਿਘਨ ਪਾਇਆ। ਪੰਨੂ ਨੇ ਕਿਹਾ ਕਿ ਮੈਂ ਸਵੇਰ ਤੋਂ ਉਹ ਵੀਡੀਓ ਕਈ ਵਾਰ ਦੇਖੀ ਹੈ ਅਤੇ ਮੈਨੂੰ ਆਪਣੀਆਂ ਅੱਖਾਂ ਅਤੇ ਕੰਨਾਂ ‘ਤੇ ਯਕੀਨ ਨਹੀਂ ਹੋ ਰਿਹਾ ਕਿ ਇੱਕ ਕੇਂਦਰੀ ਮੰਤਰੀ ਸਿਰਫ਼ ਮੀਡੀਆ ਵਿੱਚ ਸੁਰਖੀਆਂ ਬਟੋਰਨ ਲਈ ਇਸ ਹੱਦ ਤੱਕ ਗਿਰ ਸਕਦਾ ਹੈ। ਬਿੱਟੂ ਨੇ ਡਿਊਟੀ ‘ਤੇ ਤਾਇਨਾਤ ਇੱਕ ਗੁਰਸਿੱਖ ਪੁਲਿਸ ਮੁਲਾਜ਼ਮ ਦਾ ਕਾਲਰ ਫੜਿਆ, ਉਸ ਨਾਲ ਬਦਤਮੀਜ਼ੀ ਕੀਤੀ ਅਤੇ ਪੁਲਿਸ ਨੂੰ ‘ਦਲਾਲ’ ਵਰਗੇ ਘਟੀਆ ਸ਼ਬਦਾਂ ਨਾਲ ਸੰਬੋਧਨ ਕੀਤਾ।
ਪੰਨੂ ਨੇ ਸਖ਼ਤ ਵਿਰੋਧ ਪ੍ਰਗਟ ਕਰਦਿਆਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੀ ਪੁਲਿਸ ਕਮਾਨ ਇੱਕ ਯੋਗ ਮਹਿਲਾ ਅਧਿਕਾਰੀ, ਐੱਸਐੱਸਪੀ ਮੈਡਮ ਨਵਜੋਤ ਕੌਰ ਗ੍ਰੇਵਾਲ ਦੇ ਹੱਥਾਂ ਵਿੱਚ ਹੈ, ਜੋ ਆਪਣੀ ਸਖ਼ਤ ਮਿਹਨਤ ਅਤੇ ਪੜ੍ਹਾਈ ਦੇ ਦਮ ‘ਤੇ ਇਸ ਮੁਕਾਮ ‘ਤੇ ਪਹੁੰਚੀ ਹੈ। ਰਵਨੀਤ ਬਿੱਟੂ ਨੇ ਇੱਕ ਮਹਿਲਾ ਅਧਿਕਾਰੀ ਨੂੰ ਧਮਕੀ ਭਰੇ ਲਹਿਜੇ ਵਿੱਚ ਕਿਹਾ ਕਿ ‘ਜੇਕਰ ਤੁਸੀਂ ਮਹਿਲਾ ਨਾ ਹੁੰਦੇ ਤਾਂ ਮੈਂ ਪਤਾ ਨਹੀਂ ਕੀ ਕਰ ਦਿੰਦਾ’। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਰੇਆਮ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ। ਪੰਜਾਬ ਪੁਲਿਸ, ਜਿਸ ਨੇ ਦੇਸ਼ ਵਿੱਚੋਂ ਅੱਤਵਾਦ ਦਾ ਖ਼ਾਤਮਾ ਕੀਤਾ ਅਤੇ ਜੋ ਅੱਜ ਨਸ਼ਿਆਂ ਖ਼ਿਲਾਫ਼ ਦੇਸ਼ ਵਿੱਚ ਸਭ ਤੋਂ ਸ਼ਾਨਦਾਰ ਕੰਮ ਕਰ ਰਹੀ ਹੈ, ਉਸ ਨੂੰ ਇਸ ਤਰ੍ਹਾਂ ਅਪਮਾਨਿਤ ਕਰਨਾ ਬੇਹੱਦ ਸ਼ਰਮਨਾਕ ਹੈ।
ਪੰਨੂ ਨੇ ਰਵਨੀਤ ਬਿੱਟੂ ਨੂੰ ਉਨ੍ਹਾਂ ਦਾ ਇਤਿਹਾਸ ਯਾਦ ਦਿਵਾਉਂਦਿਆਂ ਕਿਹਾ ਕਿ ਬਿੱਟੂ ਜੀ, ਜੇਕਰ ਇਹ ਫੋਰਸ ਇੰਨੀ ਹੀ ਮਾੜੀ ਹੈ, ਤਾਂ ਤੁਸੀਂ ਇਹ ਕਿਵੇਂ ਭੁੱਲ ਗਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਤੁਹਾਡੇ ਆਪਣੇ ਸਗੇ ਭਰਾ ਦੀ ਪੰਜਾਬ ਪੁਲਿਸ ਵਿੱਚ ਭਰਤੀ ਤਰਸ ਦੇ ਅਧਾਰ ‘ਤੇ ਹੋਈ ਸੀ? ਉਸ ਸਮੇਂ ਤੁਹਾਡੇ ਭਰਾ ਲਈ ਉਮਰ, ਸਿਖਿਆ ਅਤੇ ਸਾਰੇ ਨਿਯਮ-ਕਾਨੂੰਨ ਬਦਲ ਦਿੱਤੇ ਗਏ ਸਨ। ਅੱਜ ਤੁਸੀਂ ਜਿਸ ਇੰਸਪੈਕਟਰ ਅਤੇ ਡੀਐੱਸਪੀ ਨੂੰ ਸ਼ਰੇਆਮ ਗਾਲ੍ਹਾਂ ਕੱਢ ਰਹੇ ਹੋ, ਉਹ ਬਿਨਾਂ ਕਿਸੇ ਸਿਫ਼ਾਰਸ਼ ਅਤੇ ਰਿਸ਼ਵਤ ਦੇ ਆਪਣੀ ਯੋਗਤਾ ਨਾਲ ਉੱਥੇ ਪਹੁੰਚੇ ਹਨ। ਹੋ ਸਕਦਾ ਹੈ ਜਿਸ ਅਹੁਦੇ ‘ਤੇ ਤੁਹਾਡਾ ਭਰਾ ਬੈਠਾ ਹੈ, ਉਹ ਕਿਸੇ ਹੱਕਦਾਰ ਅਤੇ ਕਾਬਲ ਨੌਜਵਾਨ ਦਾ ਹੱਕ ਮਾਰ ਕੇ ਦਿੱਤੀ ਗਈ ਹੋਵੇ।

