ਚੰਡੀਗੜ੍ਹ: ਇੱਕ ਦਰਦਨਾਕ ਸੜਕ ਹਾਦਸੇ ਤੋਂ ਬਾਅਦ ਮੋਹਾਲੀ ਦੇ ਨਾਈ ਮੁਹੰਮਦ ਜ਼ੁਲਫੁਕਾਰ ਨੂੰ ਲੱਗਣ ਲੱਗ ਪਿਆ ਸੀ ਕਿ ਹੁਣ ਉਹ ਆਪਣੀ ਰੋਜ਼ੀ-ਰੋਟੀ ਦਾ ਸਾਧਨ ਗੁਆ ਬੈਠਣਗੇ। ਗੋਡੇ ਦੀ ਗੰਭੀਰ ਸੱਟ ਦੇ ਇਲਾਜ ਦਾ ਖ਼ਰਚਾ ਚੁੱਕਣਾ ਉਨ੍ਹਾਂ ਲਈ ਸੰਭਵ ਨਹੀਂ ਸੀ ਅਤੇ ਉਹ ਆਪਣੇ ਪਰਿਵਾਰ ਦੇ ਭਵਿੱਖ ਨੂੰ ਲੈ ਕੇ ਬਹੁਤ ਚਿੰਤਤ ਸਨ। ਪਰ ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਉਨ੍ਹਾਂ ਨੂੰ ਮੁਫ਼ਤ ਇਲਾਜ ਮਿਲਿਆ ਅਤੇ ਹੁਣ ਉਹ ਆਪਣੇ ਕੰਮ ’ਤੇ ਮੁੜ ਵਾਪਸੀ ਦੀ ਤਿਆਰੀ ਕਰ ਰਹੇ ਹਨ।
ਇੱਕ ਦਿਨ ਜ਼ੁਲਫੁਕਾਰ ਮੋਟਰਸਾਈਕਲ ’ਤੇ ਜਾ ਰਹੇ ਸਨ ਕਿ ਅਚਾਨਕ ਸੜਕ ’ਤੇ ਇੱਕ ਗਾਂ ਆ ਗਈ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ’ਤੇ ਡਿੱਗ ਪਏ। ਉਨ੍ਹਾਂ ਦੀ ਇੱਕ ਲੱਤ ਮੋਟਰਸਾਈਕਲ ਹੇਠਾਂ ਫਸ ਗਈ ਅਤੇ ਇੰਜਣ ਚੱਲਦਾ ਰਹਿਣ ਕਾਰਨ ਉਹ ਕਈ ਮੀਟਰ ਤੱਕ ਸੜਕ ’ਤੇ ਘਿਸਟਦੇ ਰਹੇ। ਇੱਕ ਗੋਡੇ ’ਤੇ ਹਲਕੀਆਂ ਸੱਟਾਂ ਆਈਆਂ, ਪਰ ਦੂਜੇ ਗੋਡੇ ’ਤੇ ਗੰਭੀਰ ਸੱਟ ਲੱਗੀ, ਜਿਸ ਕਾਰਨ ਤੁਰਨਾ-ਫਿਰਨਾ ਵੀ ਮੁਸ਼ਕਲ ਹੋ ਗਿਆ।

ਉਨ੍ਹਾਂ ਨੇ ਕਿਹਾ, “ਮੈਂ ਹਰ ਰੋਜ਼ ਦਰਦ ਵਿੱਚ ਰਹਿੰਦਾ ਸੀ। ਵਾਰ-ਵਾਰ ਇਹੀ ਸੋਚਦਾ ਸੀ ਕਿ ਜੇ ਮੈਂ ਖੜ੍ਹਾ ਹੀ ਨਾ ਹੋ ਸਕਿਆ ਤਾਂ ਕੰਮ ਕਿਵੇਂ ਕਰਾਂਗਾ? ਅਤੇ ਜੇ ਕੰਮ ਨਾ ਕਰ ਸਕਿਆ ਤਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚਲਾਵਾਂਗਾ?”
ਆਪ੍ਰੇਸ਼ਨ ਦਾ ਖ਼ਰਚਾ ਉਨ੍ਹਾਂ ਦੀ ਚਿੰਤਾ ਹੋਰ ਵਧਾ ਰਿਹਾ ਸੀ। ਇਲਾਜ ਮਹਿੰਗਾ ਸੀ ਅਤੇ ਇੰਨੇ ਪੈਸੇ ਇਕੱਠੇ ਕਰਨਾ ਉਨ੍ਹਾਂ ਲਈ ਲਗਭਗ ਅਸੰਭਵ ਸੀ। ਹੋਰ ਮਿਹਨਤਕਸ਼ ਪਰਿਵਾਰਾਂ ਵਾਂਗ ਉਨ੍ਹਾਂ ਨੂੰ ਵੀ ਡਰ ਸੀ ਕਿ ਜਾਂ ਤਾਂ ਕਰਜ਼ਾ ਲੈਣਾ ਪਵੇਗਾ ਜਾਂ ਇਲਾਜ ਟਾਲਣਾ ਪਵੇਗਾ।
ਉਨ੍ਹਾਂ ਨੂੰ ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਰਾਹਤ ਮਿਲੀ। ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਉਨ੍ਹਾਂ ਦਾ ਐਂਟੀਰੀਅਰ ਆਰਥਰੋਸਕੋਪਿਕ ਮੈਨਿਸਕਸ ਰਿਪੇਅਰ/ਮੈਨਿਸੈਕਟੋਮੀ ਆਪ੍ਰੇਸ਼ਨ ਕੀਤਾ ਗਿਆ। ਇਸ ਇਲਾਜ ’ਤੇ 53,455 ਰੁਪਏ ਦਾ ਖ਼ਰਚਾ ਆਇਆ, ਜੋ ਯੋਜਨਾ ਤਹਿਤ ਪੂਰੀ ਤਰ੍ਹਾਂ ਕਵਰ ਕੀਤਾ ਗਿਆ। ਇਸ ਨਾਲ ਉਹ ਬਿਨਾਂ ਕਿਸੇ ਆਰਥਿਕ ਚਿੰਤਾ ਦੇ ਲੋੜੀਂਦਾ ਇਲਾਜ ਕਰਵਾ ਸਕੇ।
ਆਪ੍ਰੇਸ਼ਨ ਤੋਂ ਬਾਅਦ ਜ਼ੁਲਫੁਕਾਰ ਤੇਜ਼ੀ ਨਾਲ ਸਿਹਤਯਾਬ ਹੋ ਰਹੇ ਹਨ ਅਤੇ ਜਲਦੀ ਹੀ ਆਪਣੀ ਦੁਕਾਨ ’ਤੇ ਵਾਪਸ ਜਾ ਕੇ ਪਹਿਲਾਂ ਵਾਂਗ ਮੁਸਕਰਾਹਟ ਅਤੇ ਸਮਰਪਣ ਨਾਲ ਗਾਹਕਾਂ ਦੀ ਸੇਵਾ ਕਰਨ ਦੀ ਉਮੀਦ ਰੱਖਦੇ ਹਨ।
ਉਨ੍ਹਾਂ ਨੇ ਕਿਹਾ, “ਇਹ ਸੋਚ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਮੈਂ ਮੁੜ ਕੰਮ ’ਤੇ ਪਰਤ ਸਕਾਂਗਾ। ਵਾਲ ਕੱਟਣਾ ਸਿਰਫ਼ ਮੇਰਾ ਪੇਸ਼ਾ ਨਹੀਂ, ਸਗੋਂ ਮੇਰੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਹਾਰਾ ਅਤੇ ਲੋਕਾਂ ਨਾਲ ਜੁੜਨ ਦਾ ਸਾਧਨ ਵੀ ਹੈ। ਮੈਂ ਇਸ ਮੌਕੇ ਲਈ ਬਹੁਤ ਧੰਨਵਾਦੀ ਹਾਂ।”
ਸਟੇਟ ਹੈਲਥ ਏਜੰਸੀ, ਪੰਜਾਬ ਦੇ ਅੰਕੜਿਆਂ ਅਨੁਸਾਰ, ਰਿਪੋਰਟਿੰਗ ਮਿਆਦ ਦੌਰਾਨ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 53.38 ਲੱਖ ਰੁਪਏ ਦੀ ਲਾਗਤ ਨਾਲ 190 ਆਰਥੋਪੀਡਿਕ ਪ੍ਰਕਿਰਿਆਵਾਂ ਕੀਤੀਆਂ ਗਈਆਂ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਫ੍ਰੈਕਚਰ ਨਾਲ ਸਬੰਧਤ ਸਰਜਰੀਆਂ ਆਰਥੋਪੀਡਿਕ ਇਲਾਜ ਦੀ ਸਭ ਤੋਂ ਵੱਡੀ ਸ਼੍ਰੇਣੀ ਵਜੋਂ ਸਾਹਮਣੇ ਆਈਆਂ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ, ਕੰਮ ਵਾਲੀ ਥਾਂ ਅਤੇ ਖੇਡਾਂ ਦੌਰਾਨ ਸੁਰੱਖਿਆ ਉਪਾਅ ਅਪਣਾਉਣ ਅਤੇ ਬਜ਼ੁਰਗਾਂ ਨੂੰ ਡਿੱਗਣ ਤੋਂ ਬਚਾਉਣ ਲਈ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ।

