ਕੈਨੇਡਾ :- ਕੈਨੇਡਾ ਵਿੱਚ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ 24 ਸਾਲਾ ਨੌਜਵਾਨ ਕੁੜੀ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾ ਦੀ ਪਛਾਣ ਅਨਮੋਲਦੀਪ ਕੌਰ ਵਜੋਂ ਹੋਈ ਹੈ, ਜੋ ਪਿੰਡ ਡੋਡ ਦੀ ਰਹਿਣ ਵਾਲੀ ਸੀ। ਮੁੱਢਲੀ ਜਾਣਕਾਰੀ ਅਨੁਸਾਰ ਉਸ ਦੀ ਮੌਤ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਹੋਈ।
ਚਾਰ ਸਾਲ ਪਹਿਲਾਂ ਕੈਨੇਡਾ ਗਈ ਸੀ ਅਨਮੋਲਦੀਪ
ਜਾਣਕਾਰੀ ਮੁਤਾਬਕ ਅਨਮੋਲਦੀਪ ਕੌਰ ਦੇ ਪਿਤਾ ਜਰਨੈਲ ਸਿੰਘ ਨੇ ਕਰੀਬ ਚਾਰ ਸਾਲ ਪਹਿਲਾਂ ਉਸ ਨੂੰ ਉੱਚ ਸਿੱਖਿਆ ਲਈ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜਿਆ ਸੀ। ਉਹ ਵਿਨੀਪੈਗ ਵਿੱਚ ਰਹਿ ਰਹੀ ਸੀ ਅਤੇ ਆਪਣੀ ਪੜ੍ਹਾਈ ਪੂਰੀ ਕਰ ਚੁੱਕੀ ਸੀ। ਇਸ ਤੋਂ ਬਾਅਦ ਉਸ ਨੇ ਕੈਨੇਡਾ ਵਿੱਚ ਸਥਾਈ ਨਿਵਾਸ ਲਈ ਵੀ ਅਰਜ਼ੀ ਦਿੱਤੀ ਹੋਈ ਸੀ।
ਅਚਾਨਕ ਵਿਗੜੀ ਸਿਹਤ, ਨਹੀਂ ਬਚ ਸਕੀ ਜਾਨ
ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਅਨਮੋਲਦੀਪ ਕੌਰ ਦੀ ਸਿਹਤ ਅਚਾਨਕ ਖਰਾਬ ਹੋ ਗਈ। ਹਾਲਾਤ ਵਿਗੜਨ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਖ਼ਬਰ ਦੇ ਪਿੰਡ ਪਹੁੰਚਦੇ ਹੀ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਦੀ ਅਪੀਲ
ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਅਨਮੋਲਦੀਪ ਕੌਰ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਲਈ ਸਹਾਇਤਾ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਇਸ ਮੁਸ਼ਕਲ ਘੜੀ ਵਿੱਚ ਆਰਥਿਕ ਸਹਿਯੋਗ ਦੀ ਲੋੜ ਹੈ, ਤਾਂ ਜੋ ਧੀ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆ ਕੇ ਅੰਤਿਮ ਸਸਕਾਰ ਕੀਤਾ ਜਾ ਸਕੇ।

