ਨਵੀਂ ਦਿੱਲੀ :- ਦਿੱਲੀ ਯੂਨੀਵਰਸਿਟੀ ਨੇ 2026-27 ਅਕਾਦਮਿਕ ਸੈਸ਼ਨ ਲਈ ਦਾਖ਼ਲਾ ਪ੍ਰਕਿਰਿਆ ਵਿੱਚ ਕਈ ਅਹਿਮ ਐਲਾਨ ਕੀਤੇ ਹਨ। ਯੂਨੀਵਰਸਿਟੀ ਨੇ ਪਹਿਲੀ ਵਾਰ ਇੱਕ ਸਾਲਾ ਪੋਸਟ ਗ੍ਰੈਜੂਏਟ ਕੋਰਸਾਂ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਇਹ ਕੋਰਸ ਉਨ੍ਹਾਂ ਵਿਦਿਆਰਥੀਆਂ ਲਈ ਹਨ, ਜਿਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ-2020 ਅਧੀਨ ਚਾਰ ਸਾਲਾ ਸਨਾਤਕ ਡਿਗਰੀ ਪੂਰੀ ਕੀਤੀ ਹੈ। ਇਨ੍ਹਾਂ ਕੋਰਸਾਂ ਵਿੱਚ ਦਾਖ਼ਲਾ ਵਿਦਿਆਰਥੀਆਂ ਦੇ ਚਾਰ ਸਾਲਾ ਡਿਗਰੀ ਦੇ ਅੰਕਾਂ ਦੇ ਆਧਾਰ ‘ਤੇ ਦਿੱਤਾ ਜਾਵੇਗਾ, ਬਸ਼ਰਤੇ ਉਹ ਨਿਰਧਾਰਤ ਯੋਗਤਾ ਮਾਪਦੰਡ ਪੂਰੇ ਕਰਦੇ ਹੋਣ।
ਵਿਸ਼ੇਸ਼ ਐਮਐੱਸਸੀ ਕੋਰਸ ਲਈ ਵੀ ਮੰਗੀਆਂ ਅਰਜ਼ੀਆਂ
ਯੂਨੀਵਰਸਿਟੀ ਨੇ 2026-28 ਸੈਸ਼ਨ ਲਈ ਦੋ ਸਾਲਾ ਐਮਐੱਸਸੀ ਪਲਾਂਟ ਮੋਲੀਕਿਊਲਰ ਬਾਇਓਲੋਜੀ ਐਂਡ ਬਾਇਓਟੈਕਨਾਲੋਜੀ ਕੋਰਸ ਵਿੱਚ ਦਾਖ਼ਲੇ ਲਈ ਵੀ ਅਰਜ਼ੀਆਂ ਮੰਗੀਆਂ ਹਨ। ਇਸ ਕੋਰਸ ਲਈ ਉਹੀ ਉਮੀਦਵਾਰ ਯੋਗ ਹੋਣਗੇ, ਜਿਨ੍ਹਾਂ ਨੇ ਜੀਏਟੀ-ਬੀ 2026 ਪ੍ਰੀਖਿਆ ਪਾਸ ਕੀਤੀ ਹੋਵੇ।
ਬੀਟੈੱਕ ਅਤੇ ਕਾਨੂੰਨ ਕੋਰਸਾਂ ਦੀ ਪ੍ਰਕਿਰਿਆ ਵੀ ਜਾਰੀ
ਦਿੱਲੀ ਯੂਨੀਵਰਸਿਟੀ ਨੇ ਬੀਟੈੱਕ ਕੋਰਸਾਂ ਲਈ ਦੂਜੀ ਅਲਾਟਮੈਂਟ ਸੂਚੀ ਵੀ ਜਾਰੀ ਕਰ ਦਿੱਤੀ ਹੈ। ਚੁਣੇ ਗਏ ਵਿਦਿਆਰਥੀਆਂ ਨੂੰ 8 ਜੁਲਾਈ ਤੱਕ ਆਪਣੀ ਸੀਟ ਸਵੀਕਾਰ ਕਰਨੀ ਹੋਵੇਗੀ। ਇਸ ਤੋਂ ਇਲਾਵਾ ਪੰਜ ਸਾਲਾ ਇੰਟੀਗ੍ਰੇਟਿਡ ਲਾਅ ਕੋਰਸਾਂ ਲਈ ਪਹਿਲੇ ਸਪਾਟ ਰਾਊਂਡ ਦੀ ਅਰਜ਼ੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ, ਜਿਸ ਦੀ ਆਖ਼ਰੀ ਮਿਤੀ 7 ਜੁਲਾਈ ਨਿਰਧਾਰਤ ਕੀਤੀ ਗਈ ਹੈ।
ਅੰਡਰਗ੍ਰੈਜੂਏਟ ਦਾਖ਼ਲਿਆਂ ਲਈ ਭਾਰੀ ਰੁਝਾਨ
ਯੂਨੀਵਰਸਿਟੀ ਦੀ ਅੰਡਰਗ੍ਰੈਜੂਏਟ ਦਾਖ਼ਲਾ ਪ੍ਰਕਿਰਿਆ ਵਿੱਚ ਇਸ ਵਾਰ ਵੀ ਵਿਦਿਆਰਥੀਆਂ ਦਾ ਵੱਡਾ ਰੁਝਾਨ ਦੇਖਣ ਨੂੰ ਮਿਲਿਆ ਹੈ। ਹੁਣ ਤੱਕ ਇੱਕ ਲੱਖ 48 ਹਜ਼ਾਰ ਤੋਂ ਵੱਧ ਵਿਦਿਆਰਥੀ ਅਰਜ਼ੀਆਂ ਦੇ ਚੁੱਕੇ ਹਨ, ਜਦਕਿ 62 ਹਜ਼ਾਰ ਤੋਂ ਵੱਧ ਉਮੀਦਵਾਰ ਦੂਜਾ ਪੜਾਅ ਵੀ ਪੂਰਾ ਕਰ ਚੁੱਕੇ ਹਨ। ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ 11 ਜੁਲਾਈ ਤੋਂ ਪਹਿਲਾਂ ਆਪਣੇ ਪਸੰਦੀਦਾ ਕਾਲਜਾਂ ਅਤੇ ਕੋਰਸਾਂ ਦੀ ਚੋਣ ਦਰਜ ਕਰਨ ਦੀ ਅਪੀਲ ਕੀਤੀ ਹੈ।
ਦੋ ਸਾਲਾ ਪੋਸਟ ਗ੍ਰੈਜੂਏਟ ਕੋਰਸਾਂ ਲਈ ਵੀ ਵੱਡੀ ਗਿਣਤੀ ਵਿੱਚ ਅਰਜ਼ੀਆਂ
ਰੈਗੂਲਰ ਦੋ ਸਾਲਾ ਪੋਸਟ ਗ੍ਰੈਜੂਏਟ ਕੋਰਸਾਂ ਲਈ ਵੀ 9,500 ਤੋਂ ਵੱਧ ਅਰਜ਼ੀਆਂ ਮਿਲ ਚੁੱਕੀਆਂ ਹਨ। ਇਨ੍ਹਾਂ ਕੋਰਸਾਂ ਲਈ ਅਰਜ਼ੀਆਂ ਦੀ ਮੌਜੂਦਾ ਮਿਆਦ ਐਤਵਾਰ ਰਾਤ ਨੂੰ ਸਮਾਪਤ ਹੋ ਰਹੀ ਹੈ। ਇਸ ਤੋਂ ਬਾਅਦ 9 ਜੁਲਾਈ ਨੂੰ ਤੀਜੀ ਅਲਾਟਮੈਂਟ ਸੂਚੀ ਜਾਰੀ ਕੀਤੀ ਜਾਵੇਗੀ, ਜਿਸ ਵਿੱਚ ਸੰਗੀਤ, ਐੱਮਐੱਫਏ, ਬੀਪੀਐੱਡ ਅਤੇ ਐੱਮਪੀਐੱਡ ਵਰਗੇ ਪ੍ਰਦਰਸ਼ਨ ਆਧਾਰਿਤ ਕੋਰਸ ਵੀ ਸ਼ਾਮਲ ਹੋਣਗੇ।

