ਚੰਡੀਗੜ੍ਹ :- ਚੰਡੀਗੜ੍ਹ ਵਿੱਚ ਸੋਮਵਾਰ ਨੂੰ ਕੁਝ ਪੈਟਰੋਲ ਪੰਪਾਂ ’ਤੇ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨੂੰ ਲੈ ਕੇ ਲੋਕਾਂ ਵਿੱਚ ਹਲਕੀ ਚਿੰਤਾ ਦਾ ਮਾਹੌਲ ਬਣ ਗਿਆ, ਜਦੋਂ ਸੈਕਟਰ-17 ਸਥਿਤ ਇੱਕ ਪੈਟਰੋਲ ਪੰਪ ਦੇ ਬਾਹਰ ਵਾਹਨਾਂ ਲਈ ਤੇਲ ਦੀ ਸੀਮਾ ਸਬੰਧੀ ਨੋਟਿਸ ਲਗਾ ਦਿੱਤਾ ਗਿਆ। ਇਸ ਨੋਟਿਸ ਤੋਂ ਬਾਅਦ ਕਈ ਲੋਕਾਂ ਨੇ ਸ਼ਹਿਰ ਵਿੱਚ ਇੰਧਨ ਦੀ ਕਮੀ ਹੋਣ ਦੀਆਂ ਚਰਚਾਵਾਂ ਸ਼ੁਰੂ ਕਰ ਦਿੱਤੀਆਂ।
ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਲਈ ਤੈਅ ਕੀਤੀ ਗਈ ਸੀ ਹੱਦ
ਪੈਟਰੋਲ ਪੰਪ ਵੱਲੋਂ ਲਗਾਏ ਗਏ ਨੋਟਿਸ ਅਨੁਸਾਰ ਦੋਪਹੀਆ ਵਾਹਨਾਂ ਨੂੰ ਵੱਧ ਤੋਂ ਵੱਧ 500 ਰੁਪਏ ਤੱਕ ਅਤੇ ਕਾਰਾਂ ਸਮੇਤ ਚਾਰ ਪਹੀਆ ਵਾਹਨਾਂ ਨੂੰ 1500 ਰੁਪਏ ਤੱਕ ਦਾ ਹੀ ਪੈਟਰੋਲ ਜਾਂ ਡੀਜ਼ਲ ਦਿੱਤਾ ਜਾ ਰਿਹਾ ਸੀ। ਇਸ ਦੌਰਾਨ ਕਈ ਵਾਹਨ ਚਾਲਕਾਂ ਵਿੱਚ ਅਸਮੰਜਸ ਦੀ ਸਥਿਤੀ ਬਣੀ ਰਹੀ।
ਪੰਪ ਮਾਲਕ ਨੇ ਦਿੱਤੀ ਸਪੱਸ਼ਟੀਕਰਨ
ਮਾਮਲੇ ਸਬੰਧੀ ਜਦੋਂ ਪੈਟਰੋਲ ਪੰਪ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਪੈਟਰੋਲ ਜਾਂ ਡੀਜ਼ਲ ਸੰਕਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਉਨ੍ਹਾਂ ਦੇ ਪੰਪ ’ਤੇ ਤੇਲ ਦੀ ਸਪਲਾਈ ਸਮੇਂ ਸਿਰ ਨਹੀਂ ਪਹੁੰਚੀ ਸੀ, ਜਿਸ ਕਾਰਨ ਸਟਾਕ ਸੀਮਿਤ ਰਹਿ ਗਿਆ ਸੀ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਕਰਮਚਾਰੀਆਂ ਵੱਲੋਂ ਅਸਥਾਈ ਤੌਰ ’ਤੇ ਨੋਟਿਸ ਲਗਾਇਆ ਗਿਆ ਸੀ।
ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ
ਪੈਟਰੋਲ ਪੰਪ ਮਾਲਕ ਨੇ ਮੰਨਿਆ ਕਿ ਨੋਟਿਸ ਕਾਰਨ ਲੋਕਾਂ ਵਿੱਚ ਗਲਤ ਸੰਦੇਸ਼ ਗਿਆ। ਉਨ੍ਹਾਂ ਕਿਹਾ ਕਿ ਹੁਣ ਨਵੀਂ ਸਪਲਾਈ ਆ ਚੁੱਕੀ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਸਧਾਰਣ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨੋਟਿਸ ਹਟਾ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਹੈ।
ਸ਼ਹਿਰ ਵਿੱਚ ਆਮ ਤਰ੍ਹਾਂ ਜਾਰੀ ਹੈ ਸਪਲਾਈ
ਸੂਤਰਾਂ ਮੁਤਾਬਕ ਚੰਡੀਗੜ੍ਹ ਦੇ ਹੋਰ ਪੈਟਰੋਲ ਪੰਪਾਂ ’ਤੇ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਆਮ ਤਰ੍ਹਾਂ ਜਾਰੀ ਰਹੀ। ਪ੍ਰਸ਼ਾਸਨ ਵੱਲੋਂ ਵੀ ਕਿਸੇ ਤਰ੍ਹਾਂ ਦੀ ਘਾਟ ਜਾਂ ਐਮਰਜੈਂਸੀ ਸਥਿਤੀ ਤੋਂ ਇਨਕਾਰ ਕੀਤਾ ਗਿਆ ਹੈ।

