ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ੁੱਕਰਵਾਰ, 30 ਅਕਤੂਬਰ ਨੂੰ ਮੌਸਮ ਦੇ ਮਿਜ਼ਾਜ ਵਿੱਚ ਬਦਲਾਅ ਆਉਣ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਇੱਕ ਸਰਗਰਮ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਖੇਤਰ ਦੇ ਕਈ ਹਿੱਸਿਆਂ ਵਿੱਚ ਗਰਜ-ਚਮਕ ਅਤੇ ਮੀਂਹ ਲੈ ਕੇ ਆ ਸਕਦੀ ਹੈ। ਕੁਝ ਥਾਵਾਂ ’ਤੇ ਗੜ੍ਹੇਮਾਰੀ ਹੋਣ ਦੇ ਆਸਾਰ ਵੀ ਜਤਾਏ ਗਏ ਹਨ।
ਮੌਸਮ ਵਿੱਚ ਇਹ ਤਬਦੀਲੀ ਤਾਪਮਾਨ ਵਿੱਚ ਗਿਰਾਵਟ ਦੇ ਨਾਲ ਆਈ ਹੈ। ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਭਗ 2°C ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਇਹ ਮੌਸਮੀ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਹੈ। ਫ਼ਰੀਦਕੋਟ ਵਿੱਚ ਸੂਬੇ ਦਾ ਸਭ ਤੋਂ ਵੱਧ ਤਾਪਮਾਨ 34.9°C ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ਦੌਰਾਨ ਸਵੇਰ ਅਤੇ ਰਾਤ ਦੀ ਠੰਢ ਹੋਰ ਜ਼ਿਆਦਾ ਮਹਿਸੂਸ ਹੋਣ ਦੀ ਸੰਭਾਵਨਾ ਹੈ।
12 ਜ਼ਿਲ੍ਹਿਆਂ ਲਈ ਮੌਸਮ ਅਲਰਟ ਜਾਰੀ
ਮੌਸਮ ਵਿਭਾਗ ਨੇ 12 ਜ਼ਿਲ੍ਹਿਆਂ—ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐੱਸ.ਏ.ਐੱਸ. ਨਗਰ (ਮੁਹਾਲੀ) ਵਿੱਚ ਗਰਜ-ਚਮਕ, ਆਕਾਸ਼ੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ ਦਿੱਤੀ ਹੈ।
ਇਸ ਮੌਸਮੀ ਗਤੀਵਿਧੀ ਦੌਰਾਨ ਹਵਾਵਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੁਹਾਲੀ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਗਈ ਹੈ। ਹੋਰ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ ਸ਼ਾਮਲ ਹਨ, ਵਿੱਚ ਛੋਟੇ-ਮੋਟੇ ਸਥਾਨਾਂ ’ਤੇ ਮੀਂਹ ਪੈ ਸਕਦਾ ਹੈ।
ਕਈ ਵਾਯੂਮੰਡਲੀ ਪ੍ਰਣਾਲੀਆਂ ਕਰ ਰਹੀਆਂ ਨੇ ਮੌਸਮ ਨੂੰ ਪ੍ਰਭਾਵਿਤ
ਮੌਸਮ ਦੇ ਮੁਲਾਂਕਣ ਅਨੁਸਾਰ, ਮੌਜੂਦਾ ਹਾਲਾਤ ਉੱਤਰੀ ਪਾਕਿਸਤਾਨ ਅਤੇ ਨਾਲ ਲੱਗਦੇ ਇਲਾਕਿਆਂ ਉੱਤੇ ਬਣੀ ਪੱਛਮੀ ਗੜਬੜੀ ਨਾਲ ਜੁੜੇ ਹੋਏ ਹਨ। ਇਹ ਪ੍ਰਣਾਲੀ ਸਮੁੰਦਰ ਤਲ ਤੋਂ 3.1 ਅਤੇ 4.5 ਕਿਲੋਮੀਟਰ ਦੇ ਵਿਚਕਾਰ ਬਣੇ ਚੱਕਰਵਾਤੀ ਹਵਾਵਾਂ ਦੇ ਘੇਰੇ ਨਾਲ ਸੰਬੰਧਿਤ ਹੈ, ਜਦਕਿ ਪੱਛਮੀ ਪੌਣਾਂ ਦੇ ਮੱਧ ਅਤੇ ਉਪਰਲੇ ਪੱਧਰਾਂ ਵਿੱਚ ਇੱਕ ਦਬਾਅ ਰੇਖਾ (ਟ੍ਰੱਫ਼) ਵੀ ਖੇਤਰ ਨੂੰ ਪ੍ਰਭਾਵਿਤ ਕਰ ਰਹੀ ਹੈ।
ਹੋਰ ਮੌਸਮੀ ਪ੍ਰਣਾਲੀਆਂ ਵਿੱਚ ਦੱਖਣੀ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਲਗਭਗ 1.5 ਕਿਲੋਮੀਟਰ ਦੀ ਉਚਾਈ ‘ਤੇ ਚੱਕਰਵਾਤੀ ਚੱਕਰ, ਅਤੇ ਨਾਲ ਹੀ ਉੱਤਰੀ ਹਰਿਆਣਾ ਤੇ ਲਾਗਲੇ ਖੇਤਰਾਂ ਵਿੱਚ ਲਗਭਗ 0.9 ਕਿਲੋਮੀਟਰ ‘ਤੇ ਇੱਕ ਹੋਰ ਸਰਕੂਲੇਸ਼ਨ ਸ਼ਾਮਲ ਹੈ।
1 ਨਵੰਬਰ ਤੋਂ ਮੌਸਮ ਖ਼ੁਸ਼ਕ ਰਹਿਣ ਦੀ ਭਵਿੱਖਬਾਣੀ
ਮੀਂਹ ਦੀਆਂ ਗਤੀਵਿਧੀਆਂ 31 ਅਕਤੂਬਰ ਤੋਂ ਬਾਅਦ ਕਮਜ਼ੋਰ ਪੈਣ ਦੀ ਉਮੀਦ ਹੈ। ਵਿਭਾਗ ਨੇ ਪੰਜਾਬ ਭਰ ਵਿੱਚ 1 ਤੋਂ 5 ਨਵੰਬਰ ਦਰਮਿਆਨ ਵੱਡੇ ਪੱਧਰ ’ਤੇ ਮੌਸਮ ਖ਼ੁਸ਼ਕ ਰਹਿਣ ਦਾ ਅਨੁਮਾਨ ਲਗਾਇਆ ਹੈ, ਜਦਕਿ ਚੰਡੀਗੜ੍ਹ ਵਿੱਚ 30 ਅਕਤੂਬਰ ਤੋਂ ਬਾਅਦ ਆਸਮਾਨ ਸਾਫ਼ ਹੋਣ ਦੀ ਉਮੀਦ ਹੈ।
ਇਸ ਦੌਰਾਨ ਪੂਰਬੀ ਅਤੇ ਉੱਤਰੀ ਪੰਜਾਬ ਵਿੱਚ ਦਿਨ ਦਾ ਤਾਪਮਾਨ 28°C ਤੋਂ 30°C ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਸੂਬੇ ਦੇ ਬਾਕੀ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 30°C ਤੋਂ 32°C ਦਰਜ ਕੀਤਾ ਜਾ ਸਕਦਾ ਹੈ, ਜਿਸ ਦੇ ਆਮ ਜਾਂ ਆਮ ਨਾਲੋਂ ਥੋੜ੍ਹਾ ਵੱਧ ਰਹਿਣ ਦੀ ਸੰਭਾਵਨਾ ਹੈ।
ਹਾਲਾਂਕਿ, ਰਾਤ ਦਾ ਤਾਪਮਾਨ ਮੁਕਾਬਲਤਨ ਘੱਟ ਰਹਿਣ ਦਾ ਅਨੁਮਾਨ ਹੈ। ਉੱਤਰੀ ਪੰਜਾਬ ਵਿੱਚ ਘੱਟੋ-ਘੱਟ ਪਾਰਾ 10°C ਤੋਂ 12°C ਦੇ ਵਿਚਕਾਰ ਰਹਿ ਸਕਦਾ ਹੈ, ਜਦਕਿ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ 14°C ਤੋਂ 16°C ਦਰਜ ਕੀਤਾ ਜਾ ਸਕਦਾ ਹੈ। ਸੂਬੇ ਦੇ ਬਾਕੀ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ 12°C ਤੋਂ 14°C ਦੇ ਦਾਇਰੇ ਵਿੱਚ ਰਹਿਣ ਦੀ ਸੰਭਾਵਨਾ ਹੈ।
ਇਹ ਪੂਰਵ-ਅਨੁਮਾਨ ਦਿਨ ਅਤੇ ਰਾਤ ਦੇ ਮੌਸਮ ਵਿੱਚ ਇੱਕ ਵੱਡੇ ਪਾੜੇ ਵੱਲ ਇਸ਼ਾਰਾ ਕਰਦਾ ਹੈ, ਜਿੱਥੇ ਨਵੰਬਰ ਦੀ ਸ਼ੁਰੂਆਤ ਦੇ ਨਾਲ ਹੀ ਮੁਕਾਬਲਤਨ ਨਿੱਘੀਆਂ ਦੁਪਹਿਰਾਂ ਤੋਂ ਬਾਅਦ ਸਵੇਰ ਅਤੇ ਸ਼ਾਮ ਵੇਲੇ ਠੰਢ ਦਾ ਅਹਿਸਾਸ ਵਧੇਗਾ।