ਕਥਿਤ ਜਬਰ ਜਨਾਹ ਦੀ ਸੂਚਨਾ ਮਗਰੋਂ ਵਿਦਿਆਰਥੀਆਂ ਵੱਲੋਂ ਭੰਨਤੋੜ ਤੇ ਹਾਈਵੇ ਜਾਮ; ਡੀ.ਆਈ.ਜੀ. ਮੌਕੇ ਤੇ ਪੁੱਜੇ
ਫਗਵਾੜਾ— ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਬੀਤੀ ਰਾਤ ਹੋਏ ਹੰਗਾਮੇ ਅਤੇ ਭੰਨਤੋੜ ਦੇ ਮਾਮਲੇ ਵਿੱਚ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਵਿਦਿਆਰਥਣ ਨਾਲ ਕਥਿਤ ਜਬਰ ਜਨਾਹ ਦੀ ਸੂਚਨਾ ਸੋਸ਼ਲ ਮੀਡੀਆ ’ਤੇ ਫੈਲਣ ਤੋਂ ਬਾਅਦ ਰਾਤ ਕਰੀਬ 2 ਵਜੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ, ਜੋ ਬਾਅਦ ਵਿੱਚ ਹਿੰਸਕ ਰੂਪ ਧਾਰ ਗਿਆ। ਇਸ ਦੌਰਾਨ ਯੂਨੀਵਰਸਿਟੀ ਵਿੱਚ ਭੰਨਤੋੜ ਹੋਈ ਅਤੇ ਇੱਕ ਕੈਂਪਸ ਵਿੱਚ ਅੱਗ ਲਗਾਏ ਜਾਣ ਦੀ ਵੀ ਜਾਣਕਾਰੀ ਹੈ।
ਮੁੱਖ ਗੇਟ ’ਤੇ ਹੰਗਾਮੇ ਮਗਰੋਂ ਕੌਮੀ ਮਾਰਗ ਕੀਤਾ ਬੰਦ
ਵਿਦਿਆਰਥੀ ਪ੍ਰਦਰਸ਼ਨ ਕਰਦੇ ਹੋਏ ਯੂਨੀਵਰਸਿਟੀ ਦੇ ਮੁੱਖ ਗੇਟ ਤੋਂ ਬਾਹਰ ਆ ਗਏ। ਇੱਥੇ ਵੀ ਭੰਨਤੋੜ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਚੰਡੀਗੜ੍ਹ-ਅੰਮ੍ਰਿਤਸਰ ਕੌਮੀ ਮਾਰਗ ’ਤੇ ਧਰਨਾ ਲਗਾ ਦਿੱਤਾ। ਧਰਨੇ ਕਾਰਨ ਕੌਮੀ ਮਾਰਗ ’ਤੇ ਆਵਾਜਾਈ ਠੱਪ ਹੋ ਗਈ ਅਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ।
ਐੱਸ.ਪੀ. ਤੋਂ ਬਾਅਦ ਡੀ.ਆਈ.ਜੀ. ਵੀ ਪਹੁੰਚੇ
ਸਥਿਤੀ ਨੂੰ ਦੇਖਦਿਆਂ ਕਪੂਰਥਲਾ ਦੇ ਐੱਸ.ਪੀ. ਗੌਰਵ ਤੂਰਾ ਰਾਤ ਨੂੰ ਘਟਨਾ ਸਥਾਨ ’ਤੇ ਪਹੁੰਚੇ। ਇਸ ਤੋਂ ਬਾਅਦ ਜਲੰਧਰ ਰੇਂਜ ਦੇ ਡੀ.ਆਈ.ਜੀ. ਨਵੀਨ ਸਿੰਗਲਾ ਨੇ ਵੀ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਸਥਿਤੀ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਸੀ.ਸੀ.ਟੀ.ਵੀ. ਫੁਟੇਜ ਖੰਗਾਲੇਗੀ ਪੁਲਸ
ਡੀ.ਆਈ.ਜੀ. ਨਵੀਨ ਸਿੰਗਲਾ ਨੇ ਦੱਸਿਆ ਕਿ ਮਾਮਲੇ ਵਿੱਚ ਅਣਪਛਾਤਿਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾ ਰਹੀ ਹੈ। ਘਟਨਾ ਨਾਲ ਸਬੰਧਤ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜਿਹੜੇ ਵਿਅਕਤੀ ਘਟਨਾ ਲਈ ਜ਼ਿੰਮੇਵਾਰ ਪਾਏ ਜਾਣਗੇ, ਉਨ੍ਹਾਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਗਰਲਜ਼ ਹੋਸਟਲ ਦੀਆਂ ਵਿਦਿਆਰਥਣਾਂ ਨੇ ਰੱਖੀਆਂ ਮੰਗਾਂ
ਇਸ ਦੌਰਾਨ ਗਰਲਜ਼ ਹੋਸਟਲ ਦੀਆਂ ਵਿਦਿਆਰਥਣਾਂ ਵੱਲੋਂ ਆਪਣੀਆਂ ਕੁਝ ਮੰਗਾਂ ਪੁਲਸ ਅਤੇ ਯੂਨੀਵਰਸਿਟੀ ਪ੍ਰਬੰਧਨ ਸਾਹਮਣੇ ਰੱਖੀਆਂ ਗਈਆਂ। ਇਨ੍ਹਾਂ ਮੰਗਾਂ ’ਤੇ ਵਿਚਾਰ ਕਰਨ ਲਈ ਦੁਪਹਿਰ 12 ਵਜੇ ਯੂਨੀਵਰਸਿਟੀ ਪ੍ਰਬੰਧਨ ਅਤੇ ਵਿਦਿਆਰਥੀਆਂ ਦੀ ਮੀਟਿੰਗ ਰੱਖੀ ਗਈ। ਡੀ.ਆਈ.ਜੀ. ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਾਲ ਲੈ ਕੇ ਮਾਮਲੇ ਦੀ ਕਾਰਵਾਈ ਅੱਗੇ ਵਧਾਈ ਜਾਵੇਗੀ। ਸਬੰਧਤ ਵਿਦਿਆਰਥਣ ਜੀ-3 ਹੋਸਟਲ ਦੀ ਦੱਸੀ ਜਾ ਰਹੀ ਹੈ।
ਤੇਲੰਗਾਨਾ ਦੀ ਵਿਦਿਆਰਥਣ ਦੇ ਮਾਮਲੇ ਦੀ ਜਾਂਚ ਵੀ ਜਾਰੀ
ਪੱਤਰਕਾਰਾਂ ਨੇ ਪਿਛਲੇ ਦਿਨੀਂ ਤੇਲੰਗਾਨਾ ਦੀ ਇੱਕ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਬਾਰੇ ਵੀ ਡੀ.ਆਈ.ਜੀ. ਤੋਂ ਸਵਾਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਉਨ੍ਹਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਯੂਨੀਵਰਸਿਟੀ ਨੇ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਖ਼ਬਰਾਂ ਨੂੰ ਦੱਸਿਆ ਅਫਵਾਹਾਂ
ਦੂਜੇ ਪਾਸੇ ਐਲ.ਪੀ.ਯੂ. ਦੇ ਐਗਜ਼ੀਕਿਊਟਿਵ ਡੀਨ, ਸਟੂਡੈਂਟ ਵੈਲਫੇਅਰ ਵਿੰਗ, ਡਾ. ਸੌਰਭ ਲਖਨਪਾਲ ਨੇ ਕਿਹਾ ਕਿ ਯੂਨੀਵਰਸਿਟੀ ਦੇ ਧਿਆਨ ਵਿੱਚ ਆਇਆ ਹੈ ਕਿ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਕਥਿਤ ਤੌਰ ’ਤੇ ਬੇਬੁਨਿਆਦ ਜਾਣਕਾਰੀ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਵਿੱਚ ਭੰਬਲਭੂਸਾ ਪੈਦਾ ਹੋ ਰਿਹਾ ਹੈ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਮਾਹੌਲ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਾਪਿਆਂ ਤੇ ਵਿਦਿਆਰਥੀਆਂ ਨੂੰ ਅਧਿਕਾਰਤ ਸੂਚਨਾ ’ਤੇ ਭਰੋਸੇ ਦੀ ਅਪੀਲ
ਡਾ. ਲਖਨਪਾਲ ਨੇ ਕਿਹਾ ਕਿ ਯੂਨੀਵਰਸਿਟੀ ਬਾਰੇ ਫੈਲਾਈ ਜਾ ਰਹੀ ਅਫਵਾਹਾਂ ਵਿੱਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਵਿਦਿਆਰਥੀਆਂ, ਮਾਪਿਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ’ਤੇ ਚੱਲ ਰਹੀ ਕਿਸੇ ਵੀ ਅਣਪੁਸ਼ਟ ਜਾਣਕਾਰੀ ’ਤੇ ਵਿਸ਼ਵਾਸ ਨਾ ਕਰਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨਾਲ ਸਬੰਧਤ ਜਾਣਕਾਰੀ ਲਈ ਅਧਿਕਾਰਤ ਮਾਧਿਅਮਾਂ ਅਤੇ ਯੂ.ਐੱਮ.ਐੱਸ. ’ਤੇ ਜਾਰੀ ਸੂਚਨਾਵਾਂ ਨੂੰ ਹੀ ਆਧਾਰ ਬਣਾਇਆ ਜਾਵੇ।

