ਕਰੀਬ 35 ਯਾਤਰੀਆਂ ਨੂੰ ਲੈ ਕੇ ਨੋਇਡਾ ਤੋਂ ਔਰੈਯਾ ਜਾ ਰਹੀ ਸੀ ਬੱਸ, ਧੂੰਏਂ ਕਾਰਨ ਕਈ ਯਾਤਰੀ ਅੰਦਰ ਹੀ ਫਸੇ
ਗ੍ਰੇਟਰ ਨੋਇਡਾ :- ਗ੍ਰੇਟਰ ਨੋਇਡਾ ਨੇੜੇ ਯਮੁਨਾ ਐਕਸਪ੍ਰੈਸਵੇਅ ’ਤੇ ਅੱਜ ਇੱਕ ਨਿੱਜੀ ਡਬਲ ਡੈਕਰ ਸਲੀਪਰ ਏ.ਸੀ. ਬੱਸ ਅਚਾਨਕ ਅੱਗ ਦੀ ਲਪੇਟ ’ਚ ਆ ਗਈ। ਬੱਸ ’ਚ ਕਰੀਬ 35 ਯਾਤਰੀ ਸਵਾਰ ਸਨ ਅਤੇ ਇਹ ਨੋਇਡਾ ਤੋਂ ਔਰੈਯਾ ਵੱਲ ਜਾ ਰਹੀ ਸੀ। ਦਯਾਨਤਪੁਰ ਪਿੰਡ ਨੇੜੇ ਵਾਪਰੇ ਇਸ ਹਾਦਸੇ ’ਚ 9 ਯਾਤਰੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੁਝ ਯਾਤਰੀ ਅੱਗ ਅਤੇ ਧੂੰਏਂ ਦੀ ਲਪੇਟ ’ਚ ਆਉਣ ਕਾਰਨ ਬੱਸ ਤੋਂ ਬਾਹਰ ਨਹੀਂ ਨਿਕਲ ਸਕੇ।
ਅਚਾਨਕ ਧੂੰਆਂ ਨਿਕਲਣ ਤੋਂ ਬਾਅਦ ਬੱਸ ’ਚ ਫੈਲੀ ਅੱਗ
ਜਾਣਕਾਰੀ ਮੁਤਾਬਕ ਬੱਸ ਦਯਾਨਤਪੁਰ ਨੇੜੇ ਪਹੁੰਚੀ ਤਾਂ ਇਸ ’ਚੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਕੁਝ ਹੀ ਪਲਾਂ ’ਚ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਸਥਿਤੀ ਨੂੰ ਦੇਖਦਿਆਂ ਡਰਾਈਵਰ ਨੇ ਬੱਸ ਨੂੰ ਐਕਸਪ੍ਰੈਸਵੇਅ ਦੇ ਕਿਨਾਰੇ ਰੋਕ ਦਿੱਤਾ। ਇਸ ਤੋਂ ਪਹਿਲਾਂ ਕਿ ਸਾਰੇ ਯਾਤਰੀ ਸੁਰੱਖਿਅਤ ਢੰਗ ਨਾਲ ਬਾਹਰ ਨਿਕਲ ਸਕਦੇ, ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ’ਚ ਲੈ ਲਿਆ। ਬੱਸ ਦੇ ਅੰਦਰ ਧੂੰਆਂ ਭਰਨ ਕਾਰਨ ਯਾਤਰੀਆਂ ਵਿਚ ਹਫੜਾ-ਦਫੜੀ ਮਚ ਗਈ।
ਬਚੇ ਯਾਤਰੀ ਨੇ ਦੱਸੀ ਅੱਖੀਂ ਦੇਖੀ ਸਥਿਤੀ
ਹਾਦਸੇ ਦੌਰਾਨ ਬਚੇ ਇੱਕ ਯਾਤਰੀ ਨੇ ਦੱਸਿਆ ਕਿ ਉਹ ਬੱਸ ’ਚ ਸੁੱਤਾ ਹੋਇਆ ਸੀ। ਇਸੇ ਦੌਰਾਨ ਦਰਵਾਜ਼ਾ ਖੜਕਾਉਣ ਦੀ ਆਵਾਜ਼ ਨਾਲ ਉਸ ਦੀ ਅੱਖ ਖੁੱਲ੍ਹੀ। ਅੱਖ ਖੁੱਲ੍ਹਦਿਆਂ ਹੀ ਉਸ ਨੇ ਚਾਰੇ ਪਾਸੇ ਧੂੰਆਂ ਦੇਖਿਆ ਅਤੇ ਲੋਕਾਂ ਨੂੰ ਬਾਹਰ ਨਿਕਲਣ ਲਈ ਭੱਜਦਿਆਂ ਦੇਖਿਆ। ਉਸ ਮੁਤਾਬਕ ਹਾਲਾਤ ਇੰਨੇ ਖ਼ਰਾਬ ਸਨ ਕਿ ਉਸ ਨੇ ਆਪਣਾ ਸਾਮਾਨ ਅਤੇ ਇੱਥੋਂ ਤੱਕ ਕਿ ਜੁੱਤੇ ਵੀ ਨਹੀਂ ਪਾਏ ਅਤੇ ਸਿਰਫ਼ ਮੋਬਾਈਲ ਫੋਨ ਲੈ ਕੇ ਬੱਸ ਤੋਂ ਬਾਹਰ ਨਿਕਲ ਗਿਆ।
ਯਾਤਰੀ ਨੇ ਦੱਸਿਆ ਕਿ ਬੱਸ ਦੇ ਅੰਦਰ ਧੂੰਆਂ ਇੰਨਾ ਜ਼ਿਆਦਾ ਸੀ ਕਿ ਕੁਝ ਵੀ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ। ਕਈ ਲੋਕ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ, ਜਦਕਿ ਪਿਛਲੇ ਹਿੱਸੇ ’ਚ ਮੌਜੂਦ ਕੁਝ ਯਾਤਰੀ ਫਸ ਗਏ ਅਤੇ ਬਾਹਰ ਨਹੀਂ ਆ ਸਕੇ।
ਫਾਇਰ ਬ੍ਰਿਗੇਡ ਅਤੇ ਪੁਲਸ ਨੇ ਸੰਭਾਲਿਆ ਮੋਰਚਾ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਯਮੁਨਾ ਐਕਸਪ੍ਰੈਸਵੇਅ ਦੇ ਸੁਰੱਖਿਆ ਕਰਮਚਾਰੀ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਸਥਾਨਕ ਪੁਲਸ ਮੌਕੇ ’ਤੇ ਪਹੁੰਚ ਗਈ। ਬਚਾਅ ਟੀਮਾਂ ਨੇ ਅੱਗ ਬੁਝਾਉਣ ਦੇ ਨਾਲ ਬੱਸ ’ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕੀਤੀ। ਜ਼ਖਮੀ ਅਤੇ ਝੁਲਸੇ ਯਾਤਰੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ’ਚ ਭੇਜਿਆ ਗਿਆ।
ਸ਼ਾਰਟ ਸਰਕਟ ਤੋਂ ਅੱਗ ਲੱਗਣ ਦਾ ਖਦਸ਼ਾ
ਮੁੱਢਲੀ ਜਾਂਚ ਦੌਰਾਨ ਬੱਸ ’ਚ ਅੱਗ ਲੱਗਣ ਪਿੱਛੇ ਸ਼ਾਰਟ ਸਰਕਟ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨ ਦੀ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗੀ। ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਅਤੇ ਬੱਸ ’ਚ ਮੌਜੂਦ ਸੁਰੱਖਿਆ ਪ੍ਰਬੰਧਾਂ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਯੋਗੀ ਨੇ ਹਾਦਸੇ ਦਾ ਲਿਆ ਨੋਟਿਸ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਯਮੁਨਾ ਐਕਸਪ੍ਰੈਸਵੇਅ ’ਤੇ ਵਾਪਰੇ ਹਾਦਸੇ ਦਾ ਨੋਟਿਸ ਲਿਆ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਯੋਗੀ ਆਦਿਤਿਆਨਾਥ ਨੇ ਹਾਦਸੇ ’ਚ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ।
ਜ਼ਖਮੀਆਂ ਦੇ ਇਲਾਜ ’ਚ ਲਾਪਰਵਾਹੀ ਨਾ ਵਰਤਣ ਦੇ ਨਿਰਦੇਸ਼
ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਮੌਕੇ ਅਤੇ ਹਸਪਤਾਲਾਂ ’ਚ ਪਹੁੰਚ ਕੇ ਰਾਹਤ ਤੇ ਇਲਾਜ ਦੀਆਂ ਵਿਵਸਥਾਵਾਂ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਖਮੀ ਯਾਤਰੀਆਂ ਨੂੰ ਲੋੜੀਂਦਾ ਇਲਾਜ ਮੁਹੱਈਆ ਕਰਵਾਉਣ ਅਤੇ ਇਲਾਜ ਦੌਰਾਨ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਹੋਣ ਦੇ ਨਿਰਦੇਸ਼ ਦਿੱਤੇ।
ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਕਿਹਾ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਲਈ ਵੀ ਕਿਹਾ ਹੈ। ਪ੍ਰਸ਼ਾਸਨ ਵੱਲੋਂ ਹਾਦਸੇ ਨਾਲ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਰਾਹਤ ਪਹੁੰਚਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਤੋਂ ਬਚਾਅ ਕਾਰਜਾਂ ਅਤੇ ਜਾਂਚ ਸਬੰਧੀ ਜਾਣਕਾਰੀ ਲਈ ਜਾ ਰਹੀ ਹੈ।

