ਜਨਤਕ ਥਾਂ ਤੇ ਕੂੜਾ ਸੁੱਟਣ ਤੇ 500 ਰੁਪਏ, ਖੁੱਲ੍ਹੇ ’ਚ ਸੁੱਟਣ ਤੇ 15 ਹਜ਼ਾਰ ਤੱਕ ਜੁਰਮਾਨੇ ਦੀ ਤਜਵੀਜ਼
ਚੰਡੀਗੜ੍ਹ :- ਚੰਡੀਗੜ੍ਹ ਵਿੱਚ ਗੰਦਗੀ ਫੈਲਾਉਣ ਵਾਲਿਆਂ ’ਤੇ ਹੁਣ ਨਗਰ ਨਿਗਮ ਵੱਲੋਂ ਸਖ਼ਤੀ ਕਰਨ ਦੀ ਤਿਆਰੀ ਹੈ। ਸਾਲਿਡ ਵੇਸਟ ਮੈਨੇਜਮੈਂਟ 2026 ਨਾਲ ਸਬੰਧਤ ਨਵੇਂ ਪ੍ਰਸਤਾਵ ਵਿੱਚ ਵੱਖ-ਵੱਖ ਤਰੀਕਿਆਂ ਨਾਲ ਕੂੜਾ ਸੁੱਟਣ ਅਤੇ ਸਾੜਨ ਲਈ ਜੁਰਮਾਨੇ ਤੈਅ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਇਸ ਤਹਿਤ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਵਾਲੇ ਤੋਂ 500 ਰੁਪਏ ਜੁਰਮਾਨਾ ਵਸੂਲਣ ਦੀ ਤਜਵੀਜ਼ ਹੈ, ਜਦਕਿ ਖੁੱਲ੍ਹੇ ਵਿੱਚ ਕੂੜਾ ਸੁੱਟਣ ’ਤੇ 15 ਹਜ਼ਾਰ ਰੁਪਏ ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ। ਘਰਾਂ ਜਾਂ ਦੁਕਾਨਾਂ ਦਾ ਕੂੜਾ ਜਨਤਕ ਡਸਟਬਿਨਾਂ ਵਿੱਚ ਸੁੱਟਣ ’ਤੇ ਵੀ 15 ਹਜ਼ਾਰ ਰੁਪਏ ਤੱਕ ਜੁਰਮਾਨੇ ਦੀ ਵਿਵਸਥਾ ਪ੍ਰਸਤਾਵਿਤ ਕੀਤੀ ਗਈ ਹੈ।
ਕੂੜਾ ਸਾੜਨ ’ਤੇ 10 ਤੋਂ 25 ਹਜ਼ਾਰ ਰੁਪਏ ਤੱਕ ਜੁਰਮਾਨਾ
ਨਵੇਂ ਪ੍ਰਸਤਾਵ ਵਿੱਚ ਖੁੱਲ੍ਹੇ ਵਿੱਚ ਕੂੜਾ ਸਾੜਨ ਨੂੰ ਵੀ ਜੁਰਮਾਨੇ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਇਸ ਲਈ 10 ਹਜ਼ਾਰ ਤੋਂ 25 ਹਜ਼ਾਰ ਰੁਪਏ ਤੱਕ ਜੁਰਮਾਨਾ ਲਗਾਉਣ ਦੀ ਤਜਵੀਜ਼ ਹੈ। ਨਗਰ ਨਿਗਮ ਵੱਲੋਂ ਕੂੜੇ ਦੀ ਸੰਭਾਲ ਅਤੇ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਲੈ ਕੇ ਇਹ ਨਵੇਂ ਨਿਯਮ ਤਿਆਰ ਕੀਤੇ ਗਏ ਹਨ।
ਘਰਾਂ ਤੋਂ ਦੁਕਾਨਾਂ ਤੇ ਹੋਟਲਾਂ ਤੱਕ ਕੂੜਾ ਚੁੱਕਣ ਲਈ ਫੀਸ
ਪ੍ਰਸਤਾਵ ਵਿੱਚ ਘਰਾਂ, ਦੁਕਾਨਾਂ, ਦਫ਼ਤਰਾਂ ਅਤੇ ਹੋਟਲਾਂ ਤੋਂ ਕੂੜਾ ਇਕੱਠਾ ਕਰਨ ਲਈ ਮਹੀਨਾਵਾਰ ਉਪਭੋਗਤਾ ਫੀਸ ਵੀ ਨਿਰਧਾਰਤ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਹਰ ਸਾਲ 1 ਜਨਵਰੀ ਤੋਂ ਉਪਭੋਗਤਾ ਫੀਸ ਅਤੇ ਜੁਰਮਾਨਿਆਂ ਵਿੱਚ 5 ਫ਼ੀਸਦੀ ਵਾਧਾ ਆਪਣੇ ਆਪ ਲਾਗੂ ਕਰਨ ਦੀ ਤਜਵੀਜ਼ ਹੈ। ਇਸ ਕਾਰਨ ਮੌਜੂਦਾ ਦਰਾਂ ਹਰ ਸਾਲ ਬਦਲਦੀਆਂ ਰਹਿਣਗੀਆਂ।
30 ਦਿਨਾਂ ’ਚ ਫੀਸ ਨਾ ਭਰੀ ਤਾਂ 10 ਫ਼ੀਸਦੀ ਵਾਧੂ ਚਾਰਜ
ਨਗਰ ਨਿਗਮ ਦੇ ਪ੍ਰਸਤਾਵ ਅਨੁਸਾਰ ਬਿੱਲ ਜਾਰੀ ਹੋਣ ਤੋਂ 30 ਦਿਨਾਂ ਦੇ ਅੰਦਰ ਉਪਭੋਗਤਾ ਫੀਸ ਜਮ੍ਹਾਂ ਨਾ ਕਰਵਾਉਣ ’ਤੇ 10 ਫ਼ੀਸਦੀ ਲੇਟ ਪੇਮੈਂਟ ਸਰਚਾਰਜ ਲਗਾਇਆ ਜਾਵੇਗਾ। ਇਹ ਰਕਮ ਪਾਣੀ ਦੇ ਬਿੱਲ ਜਾਂ ਜਾਇਦਾਦ ਟੈਕਸ ਦੇ ਨਾਲ ਵਸੂਲਣ ਦੀ ਵੀ ਵਿਵਸਥਾ ਕੀਤੀ ਜਾ ਸਕਦੀ ਹੈ।
22 ਸਤੰਬਰ ਨੂੰ ਹਾਊਸ ਦੀ ਮੀਟਿੰਗ ’ਚ ਆਵੇਗਾ ਏਜੰਡਾ
ਸਾਲਿਡ ਵੇਸਟ ਮੈਨੇਜਮੈਂਟ 2026 ਨਾਲ ਸਬੰਧਤ ਇਹ ਏਜੰਡਾ 22 ਸਤੰਬਰ ਨੂੰ ਹੋਣ ਵਾਲੀ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਪ੍ਰਸਤਾਵ ’ਤੇ ਵਿਚਾਰ ਤੋਂ ਬਾਅਦ ਹੀ ਇਸ ਸਬੰਧੀ ਅਗਲਾ ਫ਼ੈਸਲਾ ਲਿਆ ਜਾਵੇਗਾ।

