ਅੰਮ੍ਰਿਤਸਰ :- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਅੱਜ ਫ਼ਸੀਲ ਤੋਂ ਦੋ ਅਹਿਮ ਮਾਮਲਿਆਂ ਵਿੱਚ ਸਖ਼ਤ ਪੰਥਕ ਫ਼ੈਸਲਾ ਸੁਣਾਇਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਕੱਤਰੇਤ ਵਿਖੇ ਹੋਈ ਇਕੱਤਰਤਾ ਉਪਰੰਤ ਸੰਗਤ ਦੀ ਹਾਜ਼ਰੀ ਵਿੱਚ ਹੁਕਮਨਾਮਾ ਜਾਰੀ ਕੀਤਾ। ਇਸ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਅੱਤਲ ਵਧੀਕ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ ਖ਼ਾਲਸਾ ਪੰਥ ’ਚੋਂ ਖ਼ਾਰਜ ਕਰ ਦਿੱਤਾ ਗਿਆ।
ਸਿੱਖ ਸੰਸਥਾਵਾਂ ਦੀ ਮਰਿਆਦਾ ਕਾਇਮ ਰੱਖਣ ’ਤੇ ਜ਼ੋਰ
ਫ਼ਸੀਲ ਤੋਂ ਸੰਗਤ ਨੂੰ ਸੰਬੋਧਨ ਕਰਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਸਥਾਵਾਂ ਦੀ ਮਰਿਆਦਾ ਅਤੇ ਮਾਣ-ਸਨਮਾਨ ਨੂੰ ਸਰਵਉੱਚ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਦੀ ਸਥਾਪਨਾ ਪਿੱਛੇ ਸਿੱਖ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਹਨ। ਉਨ੍ਹਾਂ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਭਾਈ ਲਛਮਣ ਸਿੰਘ ਧਾਰੋਵਾਲੀ ਸਮੇਤ ਸ਼ਹੀਦ ਹੋਏ ਸਿੱਖਾਂ ਦੀਆਂ ਕੁਰਬਾਨੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿੱਖ ਸੰਸਥਾ ਵਿੱਚ ਸੇਵਾ ਕਰਨ ਵਾਲੇ ਵਿਅਕਤੀ ਲਈ ਗੁਰਮਤਿ ਅਤੇ ਸਿੱਖ ਮਰਿਆਦਾ ਅਨੁਸਾਰ ਆਚਰਨ ਕਰਨਾ ਜ਼ਰੂਰੀ ਹੈ।
ਅਮਰਜੀਤ ਸਿੰਘ ਚਾਵਲਾ ਸਬੰਧੀ ਇਹ ਹੁਕਮ
ਪਹਿਲੇ ਮਾਮਲੇ ਵਿੱਚ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਇੱਕ ਬੀਬੀ ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ’ਤੇ ਵਿਚਾਰ ਕੀਤਾ ਗਿਆ। ਪੰਜ ਸਿੰਘ ਸਾਹਿਬਾਨ ਨੇ ਕਿਹਾ ਕਿ ਸਿੱਖ ਸੰਸਥਾ ਦੇ ਨੁਮਾਇੰਦੇ ਨਾਲ ਜੁੜੇ ਅਜਿਹੇ ਦੋਸ਼ਾਂ ਕਾਰਨ ਸੰਗਤ ਦੀਆਂ ਭਾਵਨਾਵਾਂ ਅਤੇ ਸੰਸਥਾ ਦੇ ਵੱਕਾਰ ਨੂੰ ਠੇਸ ਪਹੁੰਚੀ ਹੈ। ਫ਼ੈਸਲੇ ਮੁਤਾਬਕ ਜਦੋਂ ਤੱਕ ਅਮਰਜੀਤ ਸਿੰਘ ਚਾਵਲਾ ਇਸ ਮਾਮਲੇ ਵਿੱਚ ਨਿਰਦੋਸ਼ ਸਾਬਤ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਨਹੀਂ ਹੁੰਦੇ, ਉਦੋਂ ਤੱਕ ਉਨ੍ਹਾਂ ਨੂੰ ਖ਼ਾਲਸਾ ਪੰਥ ’ਚੋਂ ਖ਼ਾਰਜ ਮੰਨਿਆ ਜਾਵੇਗਾ। ਸੰਗਤ ਨੂੰ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਜਾਂ ਧਾਰਮਿਕ ਸਾਂਝ ਨਾ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿੱਖ ਸੰਸਥਾਵਾਂ ਵਿੱਚ ਉਨ੍ਹਾਂ ਵੱਲੋਂ ਭਵਿੱਖ ਵਿੱਚ ਕਿਸੇ ਵੀ ਅਹੁਦੇ ਜਾਂ ਸੇਵਾ ’ਤੇ ਰਹਿਣ ’ਤੇ ਉਮਰ ਭਰ ਲਈ ਰੋਕ ਲਗਾਈ ਗਈ ਹੈ।
ਗਿਆਨੀ ਮਲਕੀਤ ਸਿੰਘ ਨੂੰ ਵੀ ਪੰਥ ’ਚੋਂ ਖ਼ਾਰਜ ਕੀਤਾ
ਦੂਜੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਅੱਤਲ ਵਧੀਕ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨਾਲ ਸਬੰਧਤ ਮਾਮਲਾ ਵਿਚਾਰਿਆ ਗਿਆ। ਉਨ੍ਹਾਂ ਖ਼ਿਲਾਫ਼ ਵੀ ਇੱਕ ਬੀਬੀ ਵੱਲੋਂ ਗੰਭੀਰ ਦੋਸ਼ ਲਗਾਏ ਗਏ ਸਨ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਗਿਆਨੀ ਮਲਕੀਤ ਸਿੰਘ ਨੂੰ ਮੁਅੱਤਲ ਕਰ ਚੁੱਕੀ ਹੈ।
ਪੰਜ ਸਿੰਘ ਸਾਹਿਬਾਨ ਦੇ ਹੁਕਮ ਅਨੁਸਾਰ ਗਿਆਨੀ ਮਲਕੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਖ਼ਾਲਸਾ ਪੰਥ ’ਚੋਂ ਖ਼ਾਰਜ ਕਰ ਦਿੱਤਾ ਗਿਆ। ਨਾਲ ਹੀ ਸਿੱਖ ਸੰਗਤ ਨੂੰ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਮਾਜਿਕ, ਧਾਰਮਿਕ ਜਾਂ ਪੰਥਕ ਸਾਂਝ ਨਾ ਰੱਖਣ ਲਈ ਕਿਹਾ ਗਿਆ ਹੈ। ਸਿੱਖ ਸੰਸਥਾਵਾਂ ਵਿੱਚ ਉਨ੍ਹਾਂ ਦੇ ਭਵਿੱਖ ਵਿੱਚ ਕਿਸੇ ਵੀ ਅਹੁਦੇ ਜਾਂ ਸੇਵਾ ’ਤੇ ਰਹਿਣ ’ਤੇ ਵੀ ਉਮਰ ਭਰ ਲਈ ਰੋਕ ਲਗਾਈ ਗਈ ਹੈ।
ਦਿੱਲੀ ਤੇ ਮੁੰਬਈ ਨਾਲ ਸਬੰਧਤ ਮਾਮਲਿਆਂ ’ਤੇ ਵੀ ਹਦਾਇਤਾਂ
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਹੋਰ ਮਾਮਲਿਆਂ ’ਤੇ ਵੀ ਵਿਚਾਰ ਕੀਤਾ ਗਿਆ। ਇਨ੍ਹਾਂ ਵਿੱਚ ਦਿੱਲੀ ਦੇ ਸੁਭਾਸ਼ ਨਗਰ ਗੁਰਦੁਆਰਾ ਸਾਹਿਬ ਅਤੇ ਮੁੰਬਈ ਨਾਲ ਸਬੰਧਤ ਮਾਮਲੇ ਸ਼ਾਮਲ ਸਨ। ਸਬੰਧਤ ਪ੍ਰਬੰਧਕਾਂ ਨੂੰ ਸਿੱਖ ਮਰਿਆਦਾ ਦੀ ਪਾਲਣਾ ਯਕੀਨੀ ਬਣਾਉਣ ਲਈ ਤਾੜਨਾ ਅਤੇ ਚੇਤਾਵਨੀ ਦਿੱਤੀ ਗਈ।
ਸਿੱਖ ਸੰਸਥਾਵਾਂ ਦੇ ਮਾਣ-ਸਨਮਾਨ ਲਈ ਅਰਦਾਸ
ਅੰਤ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸਿੱਖ ਕੌਮ ਅਤੇ ਸਿੱਖ ਸੰਸਥਾਵਾਂ ਦੀ ਮਾਣ-ਮਰਿਆਦਾ ਕਾਇਮ ਰਹੇ ਅਤੇ ਸਮੁੱਚੀ ਕੌਮ ਚੜ੍ਹਦੀ ਕਲਾ ਵਿੱਚ ਅੱਗੇ ਵਧਦੀ ਰਹੇ।

