ਜਲੰਧਰ :- ਜਲੰਧਰ ਹਾਈਟਸ-2 ਦੇ ਡੀ-ਬਲਾਕ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ 14 ਮੰਜ਼ਿਲਾ ਇਮਾਰਤ ਦੀ ਛੱਤ ਤੋਂ 24 ਸਾਲਾ ਲੜਕੀ ਨੇ ਛਾਲ ਮਾਰ ਦਿੱਤੀ। ਹੇਠਾਂ ਡਿੱਗਣ ਕਾਰਨ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਜੈਸਮੀਨ ਵਜੋਂ ਹੋਈ ਹੈ।
ਥਾਣਾ ਸਦਰ ਪੁਲਸ ਨੇ ਲਾਸ਼ ਕਬਜ਼ੇ ਵਿੱਚ ਲਈ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੀ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ, ਜਿੱਥੇ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਜਲੰਧਰ ਹਾਈਟਸ-2 ਵਿੱਚ ਕਾਫ਼ੀ ਦੇਰ ਤੱਕ ਲੋਕਾਂ ਦੀ ਭੀੜ ਇਕੱਠੀ ਰਹੀ।
ਆਈਪੀਐਸ ਅਧਿਕਾਰੀ ਕਰਮਵੀਰ ਸਿੰਘ ਚਹਲ ਦੀ ਧੀ ਸੀ ਜੈਸਮੀਨ
ਪੁਲਸ ਸੂਤਰਾਂ ਅਨੁਸਾਰ ਜੈਸਮੀਨ ਆਈਪੀਐਸ ਅਧਿਕਾਰੀ ਕਰਮਵੀਰ ਸਿੰਘ ਚਹਲ ਦੀ ਧੀ ਸੀ। ਉਸ ਨੇ ਪਾਲੀਟਿਕਸ ਵਿੱਚ ਮਾਸਟਰਜ਼ ਦੀ ਪੜ੍ਹਾਈ ਕੀਤੀ ਹੋਈ ਸੀ। ਪੁਲਸ ਅਨੁਸਾਰ ਉਹ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਹੀ ਸੀ। ਹਾਲਾਂਕਿ ਉਸ ਵੱਲੋਂ ਇਹ ਕਦਮ ਚੁੱਕਣ ਦਾ ਅਸਲ ਕਾਰਨ ਹਾਲੇ ਸਪਸ਼ਟ ਨਹੀਂ ਹੋ ਸਕਿਆ।
ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਇਨ੍ਹਾਂ ਬਿਆਨਾਂ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

