ਕੈਨੇਡਾ :- ਕੈਨੇਡਾ ਦੀ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਨੇ ਪੰਜਾਬ ਨਾਲ ਸਬੰਧਤ ਚਾਰ ਭਾਰਤੀ ਨੌਜਵਾਨਾਂ ਨੂੰ ਦੇਸ਼ ਤੋਂ ਵਾਪਸ ਭੇਜ ਦਿੱਤਾ ਹੈ। ਇਨ੍ਹਾਂ ਵਿੱਚ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ਼ ਬਾਜਵਾ ਅਤੇ ਸਾਹਿਬਜੋਤ ਸਿੰਘ ਸ਼ਾਮਲ ਹਨ। ਏਜੰਸੀ ਮੁਤਾਬਕ ਚਾਰਾਂ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ (ਆਈਆਰਪੀਏ) ਤਹਿਤ ਅਯੋਗ ਪਾਇਆ ਗਿਆ ਸੀ।
ਫਿਰੌਤੀ ਤੇ ਹਿੰਸਕ ਵਾਰਦਾਤਾਂ ਦੇ ਮਾਮਲੇ ਦਰਜ
ਸੀਬੀਐੱਸਏ ਅਨੁਸਾਰ ਇਨ੍ਹਾਂ ਨੌਜਵਾਨਾਂ ਵਿਰੁੱਧ ਜ਼ਬਰਦਸਤੀ ਉਗਰਾਹੀ, ਗੋਲੀਬਾਰੀ ਅਤੇ ਹਿੰਸਕ ਵਾਰਦਾਤਾਂ ਨਾਲ ਸਬੰਧਤ ਮਾਮਲੇ ਦਰਜ ਸਨ। ਇਨ੍ਹਾਂ ’ਤੇ ਅਪਰਾਧਿਕ ਸੰਗਠਨਾਂ ਨਾਲ ਸਬੰਧ ਹੋਣ ਦੇ ਵੀ ਦੋਸ਼ ਸਨ। ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ (ਆਈਆਰਬੀ) ਦੇ ਹੁਕਮਾਂ ਤੋਂ ਬਾਅਦ ਸੀਬੀਐੱਸਏ ਵੱਲੋਂ ਚਾਰਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਕੀਤੀ ਗਈ।
ਇਸ ਸਾਲ 111 ਸ਼ੱਕੀਆਂ ਨੂੰ ਕੈਨੇਡਾ ਤੋਂ ਕੱਢਿਆ
ਸੀਬੀਐੱਸਏ ਨੇ ਦੱਸਿਆ ਕਿ ਇਸ ਸਾਲ ਦੇ ਪਿਛਲੇ ਮਹੀਨਿਆਂ ਦੌਰਾਨ ਫਿਰੌਤੀ ਅਤੇ ਗੋਲੀਬਾਰੀ ਦੇ ਮਾਮਲਿਆਂ ਨਾਲ ਜੁੜੇ 111 ਸ਼ੱਕੀਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ। ਏਜੰਸੀ ਮੁਤਾਬਕ ਇਨ੍ਹਾਂ ਵਿੱਚੋਂ ਜ਼ਿਆਦਾਤਰ ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਸੂਬਿਆਂ ਨਾਲ ਸਬੰਧਤ ਸਨ। ਏਜੰਸੀ ਨੇ ਇਨ੍ਹਾਂ ਸਾਰੇ ਵਿਅਕਤੀਆਂ ਦੀ ਕੌਮੀਅਤ ਜਨਤਕ ਨਹੀਂ ਕੀਤੀ। ਸੂਤਰਾਂ ਅਨੁਸਾਰ 111 ਵਿੱਚੋਂ 7 ਵਿਅਕਤੀ ਭਾਰਤੀ ਨਾਗਰਿਕ ਨਹੀਂ ਸਨ।
2025 ਵਿੱਚ 23,160 ਲੋਕਾਂ ਨੂੰ ਵਾਪਸ ਭੇਜਿਆ
ਏਜੰਸੀ ਦੇ ਅੰਕੜਿਆਂ ਅਨੁਸਾਰ 2025 ਦੌਰਾਨ 23,160 ਲੋਕਾਂ ਨੂੰ ਉਨ੍ਹਾਂ ਦੇ ਪਿੱਤਰੀ ਦੇਸ਼ ਵਾਪਸ ਭੇਜਿਆ ਗਿਆ ਸੀ। ਇਨ੍ਹਾਂ ਵਿੱਚ 1,010 ਲੋਕ ਗੰਭੀਰ ਅਪਰਾਧਿਕ ਕਾਰਵਾਈਆਂ ਨਾਲ ਸਬੰਧਤ ਸਨ। ਸੀਬੀਐੱਸਏ ਦੀ ਪ੍ਰਧਾਨ ਐਰਿਨ ਓ’ਗੋਰਮਨ ਨੇ ਕਿਹਾ ਕਿ ਇਮੀਗ੍ਰੇਸ਼ਨ ਕਾਨੂੰਨ ਤਹਿਤ ਅਯੋਗ ਪਾਏ ਗਏ ਲੋਕਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਜਾਰੀ ਹੈ।
ਸੀਬੀਐੱਸਏ ਵਿੱਚ 1,000 ਹੋਰ ਅਧਿਕਾਰੀ ਭਰਤੀ ਹੋਣਗੇ
ਏਜੰਸੀ ਅਨੁਸਾਰ ਪਹਿਲਾਂ ਉਸ ਕੋਲ 530 ਅਧਿਕਾਰੀ ਸਨ। ਹੁਣ ਕੇਂਦਰ ਵੱਲੋਂ ਬਜਟ ਵਧਾਏ ਜਾਣ ਤੋਂ ਬਾਅਦ 1,000 ਹੋਰ ਅਧਿਕਾਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ। ਏਜੰਸੀ ਨੇ ਕਿਹਾ ਕਿ ਅਧਿਕਾਰੀਆਂ ਦੀ ਘਾਟ ਕਾਰਨ ਵਿਦੇਸ਼ੀਆਂ ਵਿਰੁੱਧ ਕਾਰਵਾਈ ਪ੍ਰਭਾਵਿਤ ਹੁੰਦੀ ਰਹੀ ਹੈ, ਪਰ ਨਵੀਂ ਭਰਤੀ ਤੋਂ ਬਾਅਦ ਅਜਿਹੇ ਮਾਮਲਿਆਂ ਵਿੱਚ ਕਾਰਵਾਈ ਤੇਜ਼ ਕੀਤੀ ਜਾਵੇਗੀ।
ਫਿਰੌਤੀ ਦੀਆਂ ਘਟਨਾਵਾਂ ਨੂੰ ਲੈ ਕੇ ਸਰਕਾਰ ਗੰਭੀਰ
ਫੈਡਰਲ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦਾਸੰਗਰੀ ਨੇ ਕਿਹਾ ਕਿ ਸਰਕਾਰ ਦੱਖਣੀ ਏਸ਼ਿਆਈ ਮੂਲ ਦੇ ਲੋਕਾਂ ਨਾਲ ਜੁੜੀਆਂ ਫਿਰੌਤੀ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਖਤਮ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਅਪਰਾਧਿਕ ਤੱਤ ਕਿਸੇ ਵੱਡੀ ਤਾਕਤ ਦੇ ਇਸ਼ਾਰੇ ਤੇ ਕੈਨੇਡਾ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਤਾਂ ਕੰਮ ਨਹੀਂ ਕਰ ਰਹੇ।

