ਜਲੰਧਰ :- ਜਲੰਧਰ-ਜੰਮੂ ਰਾਸ਼ਟਰੀ ਮਾਰਗ ’ਤੇ ਭੋਗਪੁਰ ਬੱਸ ਅੱਡੇ ਕੋਲ ਉਸ ਸਮੇਂ ਵੱਡਾ ਹਾਦਸਾ ਟਲ ਗਿਆ, ਜਦੋਂ ਜਲੰਧਰ ਤੋਂ ਦਸੂਹਾ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਘਟਨਾ ਸਮੇਂ ਬੱਸ ਵਿੱਚ 27 ਸਵਾਰੀਆਂ ਮੌਜੂਦ ਸਨ। ਅੱਗ ਲੱਗਣ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਸਾਰੀਆਂ ਸਵਾਰੀਆਂ ਨੂੰ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ।
ਡਰਾਈਵਰ ਨੇ ਬੱਸ ਰੋਕੀ ਤਾਂ ਸਾਹਮਣੇ ਆਈ ਅੱਗ ਦੀ ਘਟਨਾ
ਜਾਣਕਾਰੀ ਅਨੁਸਾਰ ਬੱਸ ਡਰਾਈਵਰ ਵਿਨੋਦ ਕੁਮਾਰ ਨੇ ਭੋਗਪੁਰ ਅੱਡੇ ’ਤੇ ਸਵਾਰੀਆਂ ਨੂੰ ਉਤਾਰਨ ਲਈ ਬੱਸ ਰੋਕੀ ਸੀ। ਇਸੇ ਦੌਰਾਨ ਬੱਸ ਵਿੱਚੋਂ ਪਹਿਲਾਂ ਧੂੰਆਂ ਨਿਕਲਣ ਲੱਗਾ ਅਤੇ ਕੁਝ ਹੀ ਸਮੇਂ ਬਾਅਦ ਅੱਗ ਦੀਆਂ ਲਪਟਾਂ ਦਿਖਾਈ ਦੇਣ ਲੱਗੀਆਂ। ਅਚਾਨਕ ਵਾਪਰੀ ਇਸ ਘਟਨਾ ਕਾਰਨ ਮੌਕੇ ’ਤੇ ਹੜਕੰਪ ਮਚ ਗਿਆ।
ਰਾਹਗੀਰਾਂ ਤੇ ਨਗਰ ਕੌਂਸਲ ਕਰਮਚਾਰੀਆਂ ਨੇ ਪਾਇਆ ਅੱਗ ’ਤੇ ਕਾਬੂ
ਅੱਗ ਵਧਣ ਤੋਂ ਪਹਿਲਾਂ ਹੀ ਰਾਹਗੀਰਾਂ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪਾਣੀ ਦੀ ਮਦਦ ਨਾਲ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਤੁਰੰਤ ਕਾਰਵਾਈ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਅਤੇ ਬੱਸ ਵਿੱਚ ਮੌਜੂਦ ਸਾਰੀਆਂ 27 ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ।
ਜਾਨੀ ਨੁਕਸਾਨ ਤੋਂ ਰਿਹਾ ਬਚਾਅ, ਤਕਨੀਕੀ ਖਰਾਬੀ ਦਾ ਖਦਸ਼ਾ
ਘਟਨਾ ਵਿੱਚ ਕਿਸੇ ਵੀ ਸਵਾਰੀ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਤਰ੍ਹਾਂ ਸਮੇਂ ਸਿਰ ਕੀਤੀ ਗਈ ਕਾਰਵਾਈ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਮੁੱਢਲੀ ਜਾਣਕਾਰੀ ਮੁਤਾਬਕ ਬੱਸ ਨੂੰ ਅੱਗ ਲੱਗਣ ਪਿੱਛੇ ਤਕਨੀਕੀ ਖਰਾਬੀ ਨੂੰ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ।

