ਬਰਨਾਲਾ :- ਬਰਨਾਲਾ ਨੇੜਲੇ ਪਿੰਡ ਸੰਘੇੜਾ ਵਿੱਚ 5 ਸਾਲਾ ਬੱਚੇ ਨਾਲ ਕਥਿਤ ਤੌਰ ’ਤੇ ਕੁੱਟਮਾਰ ਅਤੇ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਨੂੰ ਕਰੀਬ ਢਾਈ ਸਾਲ ਪਹਿਲਾਂ ਉਸ ਦੇ ਤਾਇਆ-ਤਾਈ ਨੇ ਗੋਦ ਲਿਆ ਸੀ। ਦੋਸ਼ ਹੈ ਕਿ ਗੋਦ ਲੈਣ ਵਾਲੀ ਮਹਿਲਾ ਵੱਲੋਂ ਬੱਚੇ ਨਾਲ ਡੰਡਿਆਂ ਨਾਲ ਕੁੱਟਮਾਰ ਕਰਨ ਤੋਂ ਇਲਾਵਾ ਗਰਮ ਤਵੇ ਅਤੇ ਲੋਹੇ ਦੇ ਚਿਮਟੇ ਨਾਲ ਦਾਗਿਆ ਜਾਂਦਾ ਸੀ। ਬੱਚੇ ਦੇ ਸਰੀਰ ’ਤੇ ਸੱਟਾਂ ਅਤੇ ਸੜਨ ਦੇ ਨਿਸ਼ਾਨ ਮਿਲਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ।
ਸੋਸ਼ਲ ਮੀਡੀਆ ਤੇ ਤਸਵੀਰਾਂ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਦਦ ਲਈ ਪਹੁੰਚੀ ਸਮਾਜਸੇਵੀ ਸੰਸਥਾ
ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਹਾਲਤ ਦੇਖ ਕੇ ਬਣਾਈਆਂ ਗਈਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਲੋਕਾਂ ਦੇ ਧਿਆਨ ਵਿੱਚ ਆਇਆ। ਇਸ ਤੋਂ ਬਾਅਦ ਪਟਿਆਲਾ ਦੀ ਸਮਾਜਸੇਵੀ ਸੰਸਥਾ ਅਪਣਾ ਫਰਜ਼ ਸੇਵਾ ਸੋਸਾਇਟੀ ਦੇ ਮੁਖੀ ਜਥੇਦਾਰ ਸਤਪਾਲ ਸਿੰਘ ਪਾਲ ਖਰੋੜ ਆਪਣੀ ਟੀਮ ਸਮੇਤ ਪਿੰਡ ਸੰਘੇੜਾ ਪਹੁੰਚੇ। ਪੰਚਾਇਤ, ਪਿੰਡ ਵਾਸੀਆਂ, ਪੁਲਿਸ ਅਤੇ ਬਾਲ ਵਿਕਾਸ ਵਿਭਾਗ ਦੀ ਮਦਦ ਨਾਲ ਬੱਚੇ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ।
ਪਿਤਾ ਨੇ ਕਿਹਾ, ਮਜ਼ਦੂਰੀ ਤੇ ਜਾਣ ਕਾਰਨ ਬੱਚੇ ਨਾਲ ਹੋ ਰਹੀ ਕਥਿਤ ਕੁੱਟਮਾਰ ਦਾ ਨਹੀਂ ਸੀ ਪਤਾ
ਬੱਚੇ ਦੇ ਪਿਤਾ ਮੂਲ ਚੰਦ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਸ ਦੇ ਵੱਡੇ ਭਰਾ ਦੀਆਂ ਚਾਰ ਧੀਆਂ ਹਨ ਅਤੇ ਉਨ੍ਹਾਂ ਦੇ ਕੋਈ ਪੁੱਤਰ ਨਹੀਂ ਸੀ। ਇਸ ਕਾਰਨ ਉਸ ਨੇ ਕਰੀਬ ਢਾਈ ਸਾਲ ਪਹਿਲਾਂ ਆਪਣਾ ਛੋਟਾ ਪੁੱਤਰ ਵੱਡੇ ਭਰਾ ਨੂੰ ਗੋਦ ਦੇ ਦਿੱਤਾ ਸੀ। ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਸਵੇਰੇ ਮਜ਼ਦੂਰੀ ਲਈ ਚਲਾ ਜਾਂਦਾ ਸੀ ਅਤੇ ਦੇਰ ਸ਼ਾਮ ਵਾਪਸ ਆਉਂਦਾ ਸੀ। ਇਸ ਕਾਰਨ ਉਸ ਨੂੰ ਬੱਚੇ ਨਾਲ ਹੋ ਰਹੀ ਕਥਿਤ ਬੇਰਹਿਮੀ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਪਿਤਾ ਨੇ ਮਾਮਲੇ ਵਿੱਚ ਦੋਸ਼ੀ ਮਹਿਲਾ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਬੱਚੇ ਦਾ ਵੀ ਬਿਆਨ ਆਇਆ ਸਾਹਮਣੇ
ਬੱਚੇ ਨੇ ਦੱਸਿਆ ਕਿ ਉਸ ਦੀ ਚਾਚੀ ਉਸ ਨਾਲ ਡੰਡਿਆਂ ਨਾਲ ਕੁੱਟਮਾਰ ਕਰਦੀ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਗਰਮ ਤਵੇ ਅਤੇ ਚਿਮਟੇ ਨਾਲ ਵੀ ਦਾਗਿਆ ਜਾਂਦਾ ਸੀ। ਇਸ ਤੋਂ ਇਲਾਵਾ ਤੇਜ਼ ਧੁੱਪ ਵਿੱਚ ਉਸ ਦੇ ਹੱਥਾਂ ਵਿੱਚ ਪਾਣੀ ਦੀ ਭਾਰੀ ਬੋਤਲ ਫੜਾ ਕੇ ਕਈ ਘੰਟਿਆਂ ਤੱਕ ਖੜ੍ਹਾ ਰੱਖਣ ਦੀ ਗੱਲ ਵੀ ਬੱਚੇ ਨੇ ਦੱਸੀ।
ਸਿਵਲ ਹਸਪਤਾਲ ਦੇ ਡਾਕਟਰ ਅੰਕੁਸ਼ ਜਿੰਦਲ ਨੇ ਦੱਸਿਆ ਕਿ ਬੱਚੇ ਦਾ ਮੈਡੀਕਲ ਟੈਸਟ ਕਰ ਲਿਆ ਗਿਆ ਹੈ। ਉਸ ਦੇ ਸਰੀਰ ਤੇ ਸੱਟਾਂ ਅਤੇ ਸੜਨ ਦੇ ਕਈ ਨਿਸ਼ਾਨ ਪਾਏ ਗਏ ਹਨ। ਫਿਲਹਾਲ ਬੱਚਾ ਖ਼ਤਰੇ ਤੋਂ ਬਾਹਰ ਹੈ ਅਤੇ ਵਾਰਡ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ।
ਦੋਸ਼ੀ ਮਹਿਲਾ ਖਿਲਾਫ ਮਾਮਲਾ ਦਰਜ
ਥਾਣਾ ਸਿਟੀ-1 ਬਰਨਾਲਾ ਦੇ ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਤੋਂ ਵਿਸਥਾਰਤ ਮੈਡੀਕਲ ਰਿਪੋਰਟ ਹਾਸਲ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਦੋਸ਼ੀ ਮਹਿਲਾ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

