ਫਗਵਾੜਾ :- ਫਗਵਾੜਾ ਦੇ ਮੁੱਖ ਬੱਸ ਸਟੈਂਡ ਦੇ ਅੰਦਰੋਂ ਤੜਕੇ ਇੱਕ ਨਿੱਜੀ ਕੰਪਨੀ ਦੀ ਬੱਸ ਚੋਰੀ ਹੋਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਅਣਪਛਾਤਾ ਵਿਅਕਤੀ ਬੱਸ ਨੂੰ ਸਟੈਂਡ ਤੋਂ ਤੇਜ਼ ਰਫ਼ਤਾਰ ਨਾਲ ਭਜਾ ਕੇ ਲੈ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ ਵਿੱਚ ਬੱਸ ਨੂੰ ਜੀ.ਟੀ. ਰੋਡ ’ਤੇ ਅੰਮ੍ਰਿਤਸਰ ਮਾਰਗ ਵੱਲ ਹਮੀਰਾ ਨੇੜਿਓਂ ਬਰਾਮਦ ਕਰ ਲਿਆ। ਸੂਤਰਾਂ ਮੁਤਾਬਕ ਪੁਲਸ ਨੇ ਬੱਸ ਲੈ ਕੇ ਜਾਣ ਵਾਲੇ ਸ਼ੱਕੀ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਹੈ।
ਰਾਤ ਨੂੰ ਬੱਸ ਖੜ੍ਹੀ ਕਰਕੇ ਘਰ ਗਿਆ ਸੀ ਕੰਡਕਟਰ
ਨਿੱਜੀ ਬੱਸ ਦੇ ਕੰਡਕਟਰ ਪਵਨ ਕੁਮਾਰ ਮੁਤਾਬਕ ਉਹ ਬੀਤੀ ਰਾਤ ਕਰੀਬ 8 ਵਜੇ ਰੋਜ਼ਾਨਾ ਦੀ ਤਰ੍ਹਾਂ ਬੱਸ ਨੂੰ ਬੱਸ ਸਟੈਂਡ ਅੰਦਰ ਖੜ੍ਹਾ ਕਰਕੇ ਲਾਕ ਕਰਨ ਉਪਰੰਤ ਘਰ ਚਲੇ ਗਏ ਸਨ। ਸਵੇਰੇ ਕਰੀਬ ਪੌਣੇ 5 ਵਜੇ ਜਦੋਂ ਉਹ ਡਿਊਟੀ ’ਤੇ ਵਾਪਸ ਪਹੁੰਚੇ ਤਾਂ ਉੱਥੇ ਮੌਜੂਦ ਇੱਕ ਹੋਰ ਬੱਸ ਦੇ ਚਾਲਕ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਬੱਸ ਦਾ ਡਰਾਈਵਰ ਦੂਜੀ ਬੱਸ ਦਾ ਸ਼ੀਸ਼ਾ ਤੋੜ ਕੇ ਬੱਸ ਨੂੰ ਤੇਜ਼ੀ ਨਾਲ ਲੈ ਗਿਆ ਹੈ।
ਫੋਨ ਕਰਨ ’ਤੇ ਡਰਾਈਵਰ ਘਰ ਮਿਲਿਆ
ਪਵਨ ਕੁਮਾਰ ਨੇ ਜਦੋਂ ਤੁਰੰਤ ਬੱਸ ਦੇ ਅਸਲ ਡਰਾਈਵਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਘਰ ਵਿੱਚ ਹੀ ਹੈ। ਇਸ ਤੋਂ ਬਾਅਦ ਬੱਸ ਸਟੈਂਡ ਵਿੱਚ ਹੜਕੰਪ ਮਚ ਗਿਆ ਅਤੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਬੱਸ ਚੋਰੀ ਹੋ ਚੁੱਕੀ ਸੀ। ਇੱਕ ਚਸ਼ਮਦੀਦ ਅਨੁਸਾਰ ਤੜਕੇ ਕਰੀਬ 4 ਵਜੇ ਇੱਕ ਅਣਪਛਾਤਾ ਵਿਅਕਤੀ ਬੱਸ ਸਟੈਂਡ ਵਿੱਚ ਖੜ੍ਹੀ ਬੱਸ ਨੂੰ ਚਾਲੂ ਕਰਕੇ ਤੇਜ਼ ਰਫ਼ਤਾਰ ਨਾਲ ਬਾਹਰ ਲੈ ਗਿਆ। ਇਸ ਦੌਰਾਨ ਬੱਸ ਦੀ ਟੱਕਰ ਜਾਂ ਤੇਜ਼ੀ ਕਾਰਨ ਨੇੜੇ ਖੜ੍ਹੀ ਦੂਜੀ ਬੱਸ ਦਾ ਸ਼ੀਸ਼ਾ ਵੀ ਟੁੱਟ ਗਿਆ।
ਸ਼ਿਕਾਇਤ ਮਿਲਦੇ ਹੀ ਪੁਲਸ ਨੇ ਖੰਗਾਲੀ ਸੀ.ਸੀ.ਟੀ.ਵੀ. ਫੁਟੇਜ
ਘਟਨਾ ਦੀ ਜਾਣਕਾਰੀ ਮਿਲਣ ’ਤੇ ਬੱਸ ਦੇ ਮਾਲਕ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਕੰਡਕਟਰ ਅਤੇ ਮਾਲਕ ਨੇ ਸਥਾਨਕ ਪੁਲਸ ਚੌਕੀ ਵਿੱਚ ਪਹੁੰਚ ਕੇ ਲਿਖਤੀ ਸ਼ਿਕਾਇਤ ਦਿੱਤੀ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬੱਸ ਸਟੈਂਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ।
ਹਮੀਰਾ ਨੇੜੇ ਘੇਰਾਬੰਦੀ ਕਰਕੇ ਬੱਸ ਰੋਕੀ
ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਅਤੇ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਜੀ.ਟੀ. ਰੋਡ ’ਤੇ ਟੀਮਾਂ ਤਾਇਨਾਤ ਕਰਕੇ ਘੇਰਾਬੰਦੀ ਕੀਤੀ। ਪੁਲਸ ਮੁਤਾਬਕ ਕਾਰਵਾਈ ਦੌਰਾਨ ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ’ਤੇ ਹਮੀਰਾ ਨੇੜੇ ਚੋਰੀ ਕੀਤੀ ਬੱਸ ਨੂੰ ਰੋਕ ਲਿਆ ਗਿਆ। ਬੱਸ ਨੂੰ ਸੁਰੱਖਿਅਤ ਕਬਜ਼ੇ ਵਿੱਚ ਲੈਣ ਦੇ ਨਾਲ ਇਸ ਨੂੰ ਲੈ ਕੇ ਜਾ ਰਹੇ ਸ਼ੱਕੀ ਵਿਅਕਤੀ ਨੂੰ ਵੀ ਹਿਰਾਸਤ ਵਿੱਚ ਲੈਣ ਦੀ ਜਾਣਕਾਰੀ ਹੈ।
ਮੁਲਜ਼ਮ ਤੋਂ ਪੁੱਛਗਿੱਛ, ਚਾਬੀ ਬਾਰੇ ਵੀ ਜਾਂਚ
ਪੁਲਸ ਵੱਲੋਂ ਹਿਰਾਸਤ ਵਿੱਚ ਲਏ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦਾ ਇੱਕ ਅਹਿਮ ਪੱਖ ਇਹ ਵੀ ਹੈ ਕਿ ਬੱਸ ਨੂੰ ਚੋਰੀ ਕਰਨ ਲਈ ਕਿਸੇ ਮਾਸਟਰ ਚਾਬੀ ਦੀ ਵਰਤੋਂ ਕੀਤੀ ਗਈ ਜਾਂ ਬੱਸ ਦੀ ਚਾਬੀ ਅੰਦਰ ਹੀ ਰਹਿ ਗਈ ਸੀ। ਇਸ ਤੋਂ ਇਲਾਵਾ ਪੁਲਸ ਵੱਲੋਂ ਸ਼ੱਕੀ ਵਿਅਕਤੀ ਦੇ ਪਿਛਲੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਮਾਮਲੇ ਸਬੰਧੀ ਫਗਵਾੜਾ ਪੁਲਸ ਵੱਲੋਂ ਅਜੇ ਤੱਕ ਅਧਿਕਾਰਤ ਤੌਰ ’ਤੇ ਮੀਡੀਆ ਨੂੰ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ।

