ਕ੍ਰਾਈਮ ਬ੍ਰਾਂਚ ਲਿਜਾਂਦਿਆਂ ਵਾਪਰੀ ਘਟਨਾ, ਦੋਵਾਂ ਖ਼ਿਲਾਫ਼ ਨਵਾਂ ਕੇਸ ਦਰਜ ਕਰਕੇ ਭਾਲ ਸ਼ੁਰੂ
ਲੁਧਿਆਣਾ :- ਵਿੱਚ ਪੁਲਿਸ ਹਿਰਾਸਤ ਵਿੱਚੋਂ ਦੋ ਹਵਾਲਾਤੀਆਂ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਮੁਲਜ਼ਮ ਹੱਥਕੜੀਆਂ ਵਿੱਚ ਸਨ ਅਤੇ ਪੁਲਿਸ ਮੁਲਾਜ਼ਮ ਨੂੰ ਧੱਕਾ ਮਾਰ ਕੇ ਮੌਕੇ ਤੋਂ ਭੱਜ ਗਏ। ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਟੀਮ ਉਨ੍ਹਾਂ ਨੂੰ ਹੋਰ ਪੁੱਛਗਿੱਛ ਲਈ ਕ੍ਰਾਈਮ ਬ੍ਰਾਂਚ-1 ਲੈ ਕੇ ਜਾ ਰਹੀ ਸੀ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਦੋਵਾਂ ਵਿਰੁੱਧ ਨਵਾਂ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
12 ਅਕਤੂਬਰ ਨੂੰ ਹੋਈ ਸੀ ਗ੍ਰਿਫ਼ਤਾਰੀ, ਦੋ ਦਿਨ ਦਾ ਮਿਲਿਆ ਸੀ ਰਿਮਾਂਡ
ਪੁਲਿਸ ਰਿਕਾਰਡ ਅਨੁਸਾਰ, ਥਾਣਾ ਮਾਡਲ ਟਾਊਨ ਵਿੱਚ 8 ਅਕਤੂਬਰ 2026 ਨੂੰ ਐੱਫਆਈਆਰ ਨੰਬਰ 214 ਦਰਜ ਕੀਤੀ ਗਈ ਸੀ। ਇਹ ਮਾਮਲਾ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 331(4), 305 ਅਤੇ 3(5) ਤਹਿਤ ਦਰਜ ਹੋਇਆ ਸੀ। ਇਸ ਕੇਸ ਵਿੱਚ ਪ੍ਰਿੰਸ ਸ਼ਰਮਾ ਅਤੇ ਰਮਨਦੀਪ ਸਿੰਘ ਉਰਫ਼ ਰਿੰਕੂ ਨੂੰ 12 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਗਲੇ ਦਿਨ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਨੂੰ ਪੁੱਛਗਿੱਛ ਲਈ ਦੋ ਦਿਨ ਦਾ ਰਿਮਾਂਡ ਮਿਲਿਆ ਸੀ।
ਸਿਹਤ ਖ਼ਰਾਬ ਹੋਣ ਦਾ ਕਹਿ ਕੇ ਹੱਥਕੜੀ ਖੁੱਲ੍ਹਵਾਉਣ ਦੀ ਕੋਸ਼ਿਸ਼
ਪੁਲਿਸ ਅਨੁਸਾਰ, ਰਿਮਾਂਡ ਦੌਰਾਨ ਦੋਵਾਂ ਨੂੰ ਕ੍ਰਾਈਮ ਬ੍ਰਾਂਚ-1 ਲਿਜਾਇਆ ਜਾ ਰਿਹਾ ਸੀ। ਰਸਤੇ ਵਿੱਚ ਰਮਨਦੀਪ ਸਿੰਘ ਉਰਫ਼ ਰਿੰਕੂ ਨੇ ਸਿਹਤ ਖ਼ਰਾਬ ਹੋਣ ਦੀ ਗੱਲ ਕਹੀ। ਜਦੋਂ ਪੁਲਿਸ ਮੁਲਾਜ਼ਮ ਉਸ ਦੀ ਹੱਥਕੜੀ ਖੋਲ੍ਹ ਕੇ ਜਾਂਚ ਕਰਨ ਲੱਗੇ ਤਾਂ ਉਸ ਨੇ ਕਥਿਤ ਤੌਰ ’ਤੇ ਮੁਲਾਜ਼ਮ ਨੂੰ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਦੋਵੇਂ ਹਵਾਲਾਤੀ ਹੱਥਕੜੀ ਸਮੇਤ ਫਰਾਰ ਹੋ ਗਏ। ਪੁਲਿਸ ਨੇ ਪ੍ਰਿੰਸ ਸ਼ਰਮਾ ਉਰਫ਼ ਪ੍ਰਿੰਸ ਨੂੰ ਪਿੰਡ ਜੋਪਮਾਜਰਾ, ਥਾਣਾ ਅਮਰਗੜ੍ਹ, ਜ਼ਿਲ੍ਹਾ ਮਲੇਰਕੋਟਲਾ ਦਾ ਰਹਿਣ ਵਾਲਾ ਦੱਸਿਆ ਹੈ, ਜਦਕਿ ਰਮਨਦੀਪ ਸਿੰਘ ਉਰਫ਼ ਰਿੰਕੂ ਫਿਲੌਰ ਦੇ ਮੁਹੱਲਾ ਜਗਤਪੁਰਾ, ਜ਼ਿਲ੍ਹਾ ਜਲੰਧਰ ਦਾ ਵਸਨੀਕ ਹੈ। ਦੋਵਾਂ ਦੇ ਫਰਾਰ ਹੋਣ ਸਬੰਧੀ ਬੀਐੱਨਐੱਸ ਦੀਆਂ ਧਾਰਾਵਾਂ 262, 221 ਅਤੇ 132 ਤਹਿਤ ਨਵਾਂ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਫਰਾਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।