ਬਟਾਲਾ :- ਬਟਾਲਾ ਦੇ ਪ੍ਰਮੁੱਖ ਸਮਾਜਸੇਵੀ ਵਿਕਾਸ ਮਹਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸੰਸਥਾ ਦੀ ਗੱਡੀ ਉੱਤੇ ਲਗਾਈ ਗਈ ਇੱਕ ਹੱਥ-ਲਿਖਤ ਚਿੱਠੀ ਰਾਹੀਂ ਉਨ੍ਹਾਂ ਨੂੰ ਸਿੱਧੀ ਗੋਲੀ ਮਾਰਨ ਦੀ ਚਿਤਾਵਨੀ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਸਹਿਮ ਅਤੇ ਚਰਚਾ ਦਾ ਮਾਹੌਲ ਬਣ ਗਿਆ ਹੈ।
ਸੰਸਥਾ ਦੀ ਗੱਡੀ ‘ਤੇ ਮਿਲੀ ਪਰਚੀ ਵਿੱਚ ਧਮਕੀ ਭਰੇ ਲਫ਼ਜ਼ਾਂ ਵਿੱਚ ਲਿਖਿਆ ਗਿਆ ਹੈ:
“ਓਏ ਵਿਕਾਸ, ਤੈਨੂੰ ਪਹਿਲਾਂ ਵੀ ਸਮਝਾਇਆ ਸੀ। ਤੂੰ ਦਿਨ ਗਿਣ ਆਪਣੇ, ਅਗਲੀ ਵਾਰ ਗੋਲੀ ਆਨੀ ਆ, ਵੱਡਾ ਸਮਾਜ ਸੇਵਕ – R.R”
ਇਸ ਚਿੱਠੀ ਦੇ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਹੋਰ ਵਧ ਗਈ ਹੈ।
ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਬਿਆਨ ਕੀਤਾ ਦਰਦ
ਧਮਕੀ ਮਿਲਣ ਉਪਰੰਤ ਸਮਾਜਸੇਵੀ ਵਿਕਾਸ ਮਹਿਤਾ ਨੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਵੀਡੀਓ ਜਾਰੀ ਕਰਦਿਆਂ ਆਪਣਾ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਸ ਖ਼ੌਫ਼ਨਾਕ ਚਿੱਠੀ ਨੇ ਉਨ੍ਹਾਂ ਨੂੰ ਆਪਣੇ ਹੀ ਘਰ ਵਿੱਚ ਕੈਦ ਹੋਣ ਲਈ ਮਜਬੂਰ ਕਰ ਦਿੱਤਾ ਹੈ। ਬੇਹੱਦ ਨਿਰਾਸ਼ਾ ਵਿੱਚ ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਨ੍ਹਾਂ ਦੇ ਸਮਾਜਸੇਵਾ ਦੇ ਕੰਮਾਂ ਨਾਲ ਕਿਸੇ ਨੂੰ ਕੋਈ ਤਕਲੀਫ਼ ਹੈ, ਤਾਂ ਉਹ ਇਹ ਸਭ ਭਲਾਈ ਦੇ ਕੰਮ ਹਮੇਸ਼ਾ ਲਈ ਬੰਦ ਕਰਨ ਨੂੰ ਤਿਆਰ ਹਨ।
ਲੰਬੇ ਸਮੇਂ ਤੋਂ ਮੈਡੀਕਲ ਖੇਤਰ ਵਿੱਚ ਸਰਗਰਮ ਹਨ ਵਿਕਾਸ ਮਹਿਤਾ
ਵਿਕਾਸ ਮਹਿਤਾ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਵਿੱਚ ਸਮਾਜ ਭਲਾਈ ਦੇ ਕੰਮਾਂ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ। ਉਹ ਗ਼ਰੀਬ ਤੇ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਵਾਉਣ, ਮੁਫ਼ਤ ਦਵਾਈਆਂ ਦੇ ਕੈਂਪ ਲਗਾਉਣ, ਅੱਖਾਂ ਤੇ ਹੋਰ ਬਿਮਾਰੀਆਂ ਦੇ ਆਪ੍ਰੇਸ਼ਨ ਕਰਵਾਉਣ ਅਤੇ ਮੁਫ਼ਤ ਐਂਬੂਲੈਂਸ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਲਗਾਤਾਰ ਯੋਗਦਾਨ ਪਾ ਰਹੇ ਹਨ।
ਸ਼ਹਿਰ ਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਵਿੱਚ ਭਾਰੀ ਰੋਸ
ਪਹਿਲਾਂ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਅਤੇ ਹੁਣ ਬਿਨਾਂ ਕਿਸੇ ਸਵਾਰਥ ਦੇ ਲੋਕਾਂ ਦੀ ਸੇਵਾ ਕਰਨ ਵਾਲੇ ਸ਼ਖ਼ਸ ਨੂੰ ਅਜਿਹੀ ਖੁੱਲ੍ਹੀ ਧਮਕੀ ਮਿਲਣ ਕਾਰਨ ਪਰਿਵਾਰ ਵਿਚ ਸਹਿਮ ਦਾ ਮਾਹੋਲ ਹੈ । ਸ਼ਹਿਰ ਦੇ ਲੋਕਾਂ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਧਮਕੀ ਦੇਣ ਵਾਲਿਆਂ ਦੀ ਤੁਰੰਤ ਸ਼ਨਾਖ਼ਤ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਵਿਕਾਸ ਮਹਿਤਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਢੁਕਵੀਂ ਸੁਰੱਖਿਆ ਮੁਹੱਈਆ ਕਰਵਾਈ ਜਾਵੇ।