ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੌਜਵਾਨ ਐਥਲੀਟਾਂ ਅਤੇ ਯੁਵਾ ਆਗੂਆਂ ਨਾਲ ‘ਖੇਲੋ ਇੰਡੀਆ ਡਾਇਲਾਗ-ਖੇਡ ਕੀ ਬਾਤ, ਪ੍ਰਧਾਨ ਮੰਤਰੀ ਮੋਦੀ ਕੇ ਸਾਥ’ ਪ੍ਰੋਗਰਾਮ ਰਾਹੀਂ ਗੱਲਬਾਤ ਕਰਨਗੇ। ਇਹ ਦੇਸ਼ ਪੱਧਰੀ ਪਹਿਲ ਰਾਸ਼ਟਰੀ ਖੇਡ ਦਿਵਸ-2026 ਦੇ ਮੌਕੇ ਕਰਵਾਈ ਜਾ ਰਹੀ ਹੈ। ਪ੍ਰੋਗਰਾਮ ਦਾ ਵਰਚੁਅਲ ਪ੍ਰਸਾਰਣ ਦੇਸ਼ ਭਰ ਦੀਆਂ 1,500 ਤੋਂ ਵੱਧ ਵਿਦਿਅਕ ਸੰਸਥਾਵਾਂ ਵਿੱਚ ਕੀਤਾ ਜਾਵੇਗਾ।
ਨੌਜਵਾਨਾਂ ਲਈ ਖੇਡਾਂ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ-ਵਟਾਂਦਰੇ ਦਾ ਮੰਚ
ਇਸ ਪਹਿਲਕਦਮੀ ਤਹਿਤ ਉੱਭਰਦੇ ਐਥਲੀਟਾਂ, ਵਿਦਿਆਰਥੀਆਂ, ਖਿਡਾਰੀਆਂ ਅਤੇ ਨੀਤੀ ਨਾਲ ਜੁੜੇ ਲੋਕਾਂ ਨੂੰ ਇੱਕ ਸਾਂਝੇ ਮੰਚ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰਾਨ ਨੌਜਵਾਨਾਂ ਨੂੰ ਭਾਰਤ ਦੇ ਖੇਡ ਖੇਤਰ ਦੇ ਵਿਕਾਸ, ਉਨ੍ਹਾਂ ਲਈ ਉਪਲਬਧ ਮੌਕਿਆਂ ਅਤੇ ਖੇਡਾਂ ਨਾਲ ਸਬੰਧਤ ਹੋਰ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲੇਗਾ।
ਪ੍ਰਧਾਨ ਮੰਤਰੀ ਦੇ ਵਰਚੁਅਲ ਸੰਬੋਧਨ ਤੋਂ ਬਾਅਦ ਵੱਖ-ਵੱਖ ਭਾਗ ਲੈਣ ਵਾਲੀਆਂ ਸੰਸਥਾਵਾਂ ਵਿੱਚ ਸਥਾਨਕ ਪੱਧਰ ’ਤੇ ਪ੍ਰੋਗਰਾਮ ਕਰਵਾਏ ਜਾਣਗੇ। ਆਈ.ਆਈ.ਟੀ., ਆਈ.ਆਈ.ਐੱਮ., ਐੱਨ.ਆਈ.ਟੀ., ਏਮਜ਼, ਪ੍ਰਮੁੱਖ ਮੈਡੀਕਲ ਕਾਲਜ ਅਤੇ ਯੂਨੀਵਰਸਿਟੀਆਂ ਦੇ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਚਾਰ ਮੁੱਖ ਖੇਤਰਾਂ ’ਤੇ ਰਹੇਗਾ ਧਿਆਨ
ਪ੍ਰੋਗਰਾਮ ਦੌਰਾਨ ਖੇਡ ਖੇਤਰ ਨਾਲ ਜੁੜੇ ਚਾਰ ਪ੍ਰਮੁੱਖ ਮੁੱਦਿਆਂ ’ਤੇ ਵਿਚਾਰ ਕੀਤਾ ਜਾਵੇਗਾ। ਇਨ੍ਹਾਂ ਵਿੱਚ ਜ਼ਮੀਨੀ ਪੱਧਰ ’ਤੇ ਖੇਡ ਸਹੂਲਤਾਂ ਨੂੰ ਮਜ਼ਬੂਤ ਕਰਨਾ, ਕੋਚਿੰਗ ਅਤੇ ਮੁਕਾਬਲਿਆਂ ਦੇ ਮੌਕੇ ਵਧਾਉਣਾ, 2036 ਓਲੰਪਿਕ ਨੂੰ ਧਿਆਨ ਵਿੱਚ ਰੱਖਦਿਆਂ ਖੇਡ ਪ੍ਰਤਿਭਾ ਦੀ ਪਛਾਣ ਤੇ ਵਿਕਾਸ ਅਤੇ ਖੇਡ ਪ੍ਰਬੰਧਨ ਤੇ ਅਗਵਾਈ ਵਿੱਚ ਨੌਜਵਾਨਾਂ ਦੀ ਭੂਮਿਕਾ ਵਧਾਉਣਾ ਸ਼ਾਮਲ ਹੈ।
ਇਸ ਦੇ ਨਾਲ ਨੌਜਵਾਨਾਂ ਨੂੰ ਭਵਿੱਖ ਲਈ ਲੋੜੀਂਦੇ ਹੁਨਰ, ਸਵੈ-ਸੇਵਾ ਦੇ ਮੌਕੇ ਅਤੇ ਰਾਸ਼ਟਰ ਨਿਰਮਾਣ ਨਾਲ ਜੁੜਨ ਦੇ ਰਸਤੇ ਮੁਹੱਈਆ ਕਰਵਾਉਣ ’ਤੇ ਵੀ ਚਰਚਾ ਹੋਵੇਗੀ।
ਨਾਮੀ ਖਿਡਾਰੀ ਨੌਜਵਾਨਾਂ ਨਾਲ ਸਾਂਝੇ ਕਰਨਗੇ ਤਜਰਬੇ
ਪ੍ਰੋਗਰਾਮ ਦਾ ਇੱਕ ਅਹਿਮ ਹਿੱਸਾ ਨੌਜਵਾਨਾਂ ਅਤੇ ਦੇਸ਼ ਦੇ ਪ੍ਰਮੁੱਖ ਖਿਡਾਰੀਆਂ ਵਿਚਕਾਰ ਗੱਲਬਾਤ ਹੋਵੇਗੀ। ਦੀਪਾ ਕਰਮਾਕਰ, ਸਾਇਨਾ ਨੇਹਵਾਲ, ਗਗਨ ਨਾਰੰਗ, ਸ਼੍ਰੀਜੇਸ਼, ਮੈਰੀਕਾਮ, ਬਾਈਚੁੰਗ ਭੂਟੀਆ, ਪੁਲੇਲਾ ਗੋਪੀਚੰਦ, ਅੰਜੂ ਬੌਬੀ ਜਾਰਜ, ਕਰਨਮ ਮੱਲੇਸ਼ਵਰੀ, ਮੀਰਾਬਾਈ ਚਾਨੂ ਅਤੇ ਪੀ.ਟੀ. ਊਸ਼ਾ ਸਮੇਤ ਕਈ ਖਿਡਾਰੀ ਨੌਜਵਾਨਾਂ ਨਾਲ ਆਪਣੇ ਖੇਡ ਸਫ਼ਰ, ਚੁਣੌਤੀਆਂ ਅਤੇ ਤਜਰਬੇ ਸਾਂਝੇ ਕਰਨਗੇ।
ਸਿਆਸੀ ਨੁਮਾਇੰਦੇ ਵੀ ਹੋਣਗੇ ਸ਼ਾਮਲ
ਇਸ ਪਹਿਲਕਦਮੀ ਨੂੰ ਸਿਰਫ਼ ਖੇਡ ਭਾਈਚਾਰੇ ਤੱਕ ਸੀਮਤ ਨਾ ਰੱਖਦਿਆਂ ਵੱਖ-ਵੱਖ ਥਾਵਾਂ ’ਤੇ ਸੰਸਦ ਮੈਂਬਰਾਂ, ਵਿਧਾਇਕਾਂ, ਕੇਂਦਰੀ ਮੰਤਰੀਆਂ, ਰਾਜ ਮੰਤਰੀਆਂ ਅਤੇ ਸੂਬਿਆਂ ਦੇ ਖੇਡ ਮੰਤਰੀਆਂ ਦੀ ਸ਼ਮੂਲੀਅਤ ਵੀ ਹੋਵੇਗੀ। ਉਹ ਨੌਜਵਾਨਾਂ ਨਾਲ ਖੇਡਾਂ ਅਤੇ ਯੁਵਾ ਵਿਕਾਸ ਨਾਲ ਜੁੜੇ ਚਾਰ ਮੁੱਖ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕਰਨਗੇ।
2036 ਓਲੰਪਿਕ ਲਈ ਪ੍ਰਤਿਭਾ ਤਿਆਰ ਕਰਨ ’ਤੇ ਜ਼ੋਰ
ਪ੍ਰਤਿਭਾ ਦੀ ਪਛਾਣ ਅਤੇ ਵਿਕਾਸ ’ਤੇ ਵਿਸ਼ੇਸ਼ ਧਿਆਨ ਦੇਣ ਰਾਹੀਂ ਇਸ ਪਹਿਲ ਨੂੰ 2036 ਓਲੰਪਿਕ ਲਈ ਭਾਰਤ ਦੀਆਂ ਲੰਬੇ ਸਮੇਂ ਦੀਆਂ ਤਿਆਰੀਆਂ ਨਾਲ ਜੋੜਿਆ ਜਾ ਰਿਹਾ ਹੈ। ਇਸ ਦੌਰਾਨ ਵਿਗਿਆਨਕ ਢੰਗ ਨਾਲ ਖੇਡ ਪ੍ਰਤਿਭਾ ਦੀ ਪਛਾਣ, ਐਥਲੀਟਾਂ ਦੇ ਵਿਕਾਸ ਅਤੇ ਜ਼ਮੀਨੀ ਪੱਧਰ ਤੋਂ ਉੱਚ ਪੱਧਰ ਤੱਕ ਪਹੁੰਚਣ ਲਈ ਮਜ਼ਬੂਤ ਮੌਕੇ ਤਿਆਰ ਕਰਨ ਬਾਰੇ ਵਿਚਾਰ ਹੋਵੇਗਾ।
ਰਾਸ਼ਟਰੀ ਖੇਡ ਦਿਵਸ ਤੋਂ ਬਾਅਦ ਵੀ ਨੌਜਵਾਨਾਂ ਨੂੰ ਜੋੜਨ ਦੀ ਯੋਜਨਾ
ਪ੍ਰਬੰਧਕਾਂ ਵੱਲੋਂ ਇਸ ਪ੍ਰੋਗਰਾਮ ਨੂੰ ਰਾਸ਼ਟਰੀ ਖੇਡ ਦਿਵਸ ਤੱਕ ਸੀਮਤ ਨਾ ਰੱਖਦਿਆਂ ਨੌਜਵਾਨਾਂ ਦੀ ਲਗਾਤਾਰ ਭਾਗੀਦਾਰੀ ਵਧਾਉਣ ਦੀ ਯੋਜਨਾ ਵੀ ਬਣਾਈ ਗਈ ਹੈ। ਭਾਗੀਦਾਰਾਂ ਨੂੰ ‘ਵਿਕਸਤ ਭਾਰਤ ਯੰਗ ਲੀਡਰਜ਼ ਡਾਇਲਾਗ’ ਕੁਇਜ਼ ਵਿੱਚ ਹਿੱਸਾ ਲੈਣ ਅਤੇ ‘ਮਾਈ ਭਾਰਤ’ ਪੋਰਟਲ ’ਤੇ ਰਜਿਸਟਰੇਸ਼ਨ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਪਹਿਲ ਰਾਹੀਂ ਐਥਲੀਟਾਂ, ਵਿਦਿਆਰਥੀਆਂ, ਨੀਤੀ ਨਿਰਮਾਤਾਵਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਇੱਕ ਮੰਚ ’ਤੇ ਲਿਆ ਕੇ ਦੇਸ਼ ਦੇ ਖੇਡ ਭਵਿੱਖ ਅਤੇ ਨੌਜਵਾਨਾਂ ਦੇ ਵਿਕਾਸ ਨਾਲ ਜੁੜੀ ਚਰਚਾ ਵਿੱਚ ਨੌਜਵਾਨਾਂ ਦੀ ਸਿੱਧੀ ਭੂਮਿਕਾ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ।

