ਤਰਨਤਾਰਨ :- ਤਰਨਤਾਰਨ ਦੇ ਭਿੱਖੀਵਿੰਡ ਥਾਣੇ ਵਿੱਚ ਪੁਲਿਸ ਹਿਰਾਸਤ ਦੌਰਾਨ 20 ਸਾਲਾ ਰਾਜਬੀਰ ਕੌਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਰਿਵਾਰ ਨੇ ਪੁਲਿਸ ‘ਤੇ ਉਸ ਨੂੰ ਕਥਿਤ ਤੌਰ ‘ਤੇ ਨਾਜਾਇਜ਼ ਹਿਰਾਸਤ ਵਿੱਚ ਰੱਖਣ ਅਤੇ ਟਾਰਚਰ ਕਰਨ ਦੇ ਦੋਸ਼ ਲਗਾਏ ਹਨ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਆਪਣੀ ਕਥਿਤ ਲਾਪਰਵਾਹੀ ਨੂੰ ਛੁਪਾਉਣ ਲਈ ਮਾਮਲੇ ਨੂੰ ਖ਼ੁਦਕੁਸ਼ੀ ਵਜੋਂ ਪੇਸ਼ ਕਰ ਰਹੀ ਹੈ।
ਕਲਸੀਆ ਕਲਾਂ ਦੇ ਕਤਲ ਮਾਮਲੇ ‘ਚ ਦਰਜ ਸੀ ਕੇਸ
ਜਾਣਕਾਰੀ ਅਨੁਸਾਰ ਪਿੰਡ ਕਲਸੀਆ ਕਲਾਂ ਵਿੱਚ ਵਾਪਰੇ ਇੱਕ ਕਤਲ ਦੇ ਮਾਮਲੇ ਵਿੱਚ ਰੂਪ ਸਿੰਘ, ਉਸ ਦੇ ਤਿੰਨ ਪੁੱਤਰਾਂ ਅਤੇ ਧੀ ਰਾਜਬੀਰ ਕੌਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਰਾਜਬੀਰ ਕੌਰ ਨੂੰ 8 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਭਿੱਖੀਵਿੰਡ ਥਾਣੇ ਵਿੱਚ ਰੱਖਿਆ ਗਿਆ।
ਬਾਥਰੂਮ ਜਾਣ ਤੋਂ ਬਾਅਦ ਫਾਹਾ ਲੈਣ ਦਾ ਪੁਲਿਸ ਦਾ ਦਾਅਵਾ
ਥਾਣਾ ਮੁਖੀ ਹਰਪ੍ਰੀਤ ਸਿੰਘ ਵਿਰਕ ਅਨੁਸਾਰ ਰਾਜਬੀਰ ਕੌਰ ਨੂੰ 9 ਅਗਸਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਪੁਲਿਸ ਮੁਤਾਬਕ ਸਵੇਰੇ ਕਰੀਬ 9 ਵਜੇ ਉਸ ਨੇ ਬਾਥਰੂਮ ਜਾਣ ਲਈ ਕਿਹਾ। ਇਸ ਤੋਂ ਬਾਅਦ ਲੇਡੀ ਕਾਂਸਟੇਬਲ ਅਰਸ਼ਦੀਪ ਕੌਰ ਉਸ ਨੂੰ ਬਾਥਰੂਮ ਲੈ ਕੇ ਗਈ, ਜਿੱਥੇ ਪੁਲਿਸ ਦੇ ਦਾਅਵੇ ਅਨੁਸਾਰ ਰਾਜਬੀਰ ਕੌਰ ਨੇ ਆਪਣੀ ਚੁੰਨੀ ਨਾਲ ਫਾਹਾ ਲੈ ਲਿਆ।
ਮਹਿਲਾ ਹਵਾਲਾਤ ਨਾ ਹੋਣ ਕਾਰਨ ਬਾਹਰਲੇ ਕਮਰੇ ‘ਚ ਰੱਖਿਆ ਸੀ
ਪੁਲਿਸ ਅਨੁਸਾਰ ਭਿੱਖੀਵਿੰਡ ਥਾਣੇ ਵਿੱਚ ਮਹਿਲਾ ਹਵਾਲਾਤ ਦੀ ਸਹੂਲਤ ਨਾ ਹੋਣ ਕਾਰਨ ਰਾਜਬੀਰ ਕੌਰ ਨੂੰ ਥਾਣੇ ਦੇ ਇੱਕ ਬਾਹਰਲੇ ਕਮਰੇ ਵਿੱਚ ਲੇਡੀ ਕਾਂਸਟੇਬਲ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਥਾਣੇ ਵਿੱਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ ਅਤੇ ਉਨ੍ਹਾਂ ਦੀ ਰਿਕਾਰਡਿੰਗ 24 ਘੰਟੇ ਹੁੰਦੀ ਹੈ।
ਟਾਰਚਰ ਦੇ ਦੋਸ਼ਾਂ ਨੂੰ ਪੁਲਿਸ ਨੇ ਕੀਤਾ ਖਾਰਜ
ਐੱਸ.ਐੱਚ.ਓ. ਹਰਪ੍ਰੀਤ ਸਿੰਘ ਵਿਰਕ ਨੇ ਪਰਿਵਾਰ ਵੱਲੋਂ ਲਗਾਏ ਗਏ ਟਾਰਚਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜਬੀਰ ਕੌਰ ਜਾਂ ਉਸ ਦੇ ਕਿਸੇ ਪਰਿਵਾਰਕ ਮੈਂਬਰ ਨਾਲ ਕਿਸੇ ਤਰ੍ਹਾਂ ਦਾ ਟਾਰਚਰ ਨਹੀਂ ਕੀਤਾ ਗਿਆ। ਉਨ੍ਹਾਂ ਮੁਤਾਬਕ ਸਾਰੇ ਮੁਲਜ਼ਮਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਅਤੇ ਹਿਰਾਸਤ ਦੌਰਾਨ ਉਨ੍ਹਾਂ ਦੀ ਸਹੀ ਦੇਖਭਾਲ ਕੀਤੀ ਗਈ।
ਮੌਤ ਤੋਂ ਬਾਅਦ ਨਿਆਂਇਕ ਜਾਂਚ ਸ਼ੁਰੂ
ਪੁਲਿਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮਾਮਲੇ ਦੀ ਨਿਆਂਇਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਦੌਰਾਨ ਜੇਕਰ ਕਿਸੇ ਪੁਲਿਸ ਮੁਲਾਜ਼ਮ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਸੀ.ਸੀ.ਟੀ.ਵੀ. ਰਿਕਾਰਡਿੰਗ ਸਮੇਤ ਹੋਰ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪਰਿਵਾਰ ਨੇ ਕਤਲ ਮਾਮਲੇ ‘ਚ ਝੂਠਾ ਫਸਾਉਣ ਦਾ ਲਗਾਇਆ ਦੋਸ਼
ਦੂਜੇ ਪਾਸੇ ਰਾਜਬੀਰ ਕੌਰ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਕਤਲ ਦੇ ਮਾਮਲੇ ਵਿੱਚ ਗਲਤ ਢੰਗ ਨਾਲ ਫਸਾਇਆ ਗਿਆ ਸੀ। ਮ੍ਰਿਤਕਾ ਦੀ ਮਾਂ ਰਾਜ ਕੌਰ ਅਤੇ ਉਸ ਦੇ ਭਰਾਵਾਂ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪਰਿਵਾਰ ਨੇ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਦੇ ਕਾਰਨਾਂ ਦੀ ਵੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ।

