ਮੁੱਲਾਂਪੁਰ :- ਰੱਖੜੀ ਦੇ ਤਿਉਹਾਰ ਤੋਂ ਇਕ ਦਿਨ ਪਹਿਲਾਂ ਮੁੱਲਾਂਪੁਰ ਵਿੱਚ ਵਾਪਰੇ ਹਾਦਸੇ ਨੇ ਇਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ। ਆਪਣੇ ਦੋ ਛੋਟੇ ਭਰਾਵਾਂ ਲਈ ਰੱਖੜੀਆਂ ਖਰੀਦਣ ਬਾਜ਼ਾਰ ਜਾ ਰਹੀ 8 ਸਾਲਾ ਬੱਚੀ ਦੀ ਕਥਿਤ ਤੌਰ ’ਤੇ ਬਿਜਲੀ ਦੀ ਤਾਰ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।
ਭਰਾਵਾਂ ਲਈ ਰੱਖੜੀਆਂ ਲੈਣ ਨਿਕਲੀ ਸੀ ਬੱਚੀ
ਪਰਿਵਾਰਕ ਮੈਂਬਰਾਂ ਅਨੁਸਾਰ ਬੱਚੀ ਹਰ ਸਾਲ ਆਪਣੇ ਦੋ ਛੋਟੇ ਭਰਾਵਾਂ ਨੂੰ ਰੱਖੜੀ ਬੰਨ੍ਹਦੀ ਸੀ। ਇਸ ਵਾਰ ਵੀ ਉਹ ਰੱਖੜੀ ਦੇ ਤਿਉਹਾਰ ਲਈ ਉਤਸ਼ਾਹਿਤ ਸੀ ਅਤੇ ਭਰਾਵਾਂ ਲਈ ਰੱਖੜੀਆਂ ਖਰੀਦਣ ਬਾਜ਼ਾਰ ਜਾ ਰਹੀ ਸੀ। ਇਸੇ ਦੌਰਾਨ ਰਸਤੇ ਵਿੱਚ ਬਿਜਲੀ ਦੇ ਕਰੰਟ ਦੀ ਲਪੇਟ ਵਿੱਚ ਆਉਣ ਕਾਰਨ ਇਹ ਹਾਦਸਾ ਵਾਪਰ ਗਿਆ।
ਬਿਜਲੀ ਵਿਭਾਗ ਵੱਲੋਂ ਜਾਂਚ ਦਾ ਭਰੋਸਾ
ਮੁੱਲਾਂਪੁਰ ਬਿਜਲੀ ਬੋਰਡ ਦੇ ਐੱਸ.ਡੀ.ਓ. ਯਮਨ ਗੋਇਲ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਵਿਭਾਗ ਦੁਖੀ ਪਰਿਵਾਰ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਪਰਿਵਾਰ ਨੂੰ ਜੋ ਵੀ ਵਿੱਤੀ ਜਾਂ ਹੋਰ ਸਹਾਇਤਾ ਸੰਭਵ ਹੋਵੇਗੀ, ਉਹ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

