ਚੰਬਾ :- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਉਪਮੰਡਲ ਚੁਰਾਹ ਅਧੀਨ ਬੈਰਾਗੜ੍ਹ-ਚੰਬਾ ਮਾਰਗ ’ਤੇ ਯਾਤਰੀਆਂ ਨਾਲ ਭਰੀ ਇਕ ਨਿੱਜੀ ਬੱਸ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਜਾ ਡਿੱਗੀ। ਹਾਦਸੇ ਵਿੱਚ ਬੱਸ ਦੇ ਚਾਲਕ ਅਤੇ ਪਰਿਚਾਲਕ ਸਮੇਤ 10 ਵਿਅਕਤੀਆਂ ਦੀ ਮੌਤ ਹੋਣ ਦੀ ਜਾਣਕਾਰੀ ਹੈ, ਜਦਕਿ ਕਰੀਬ 7 ਯਾਤਰੀ ਜ਼ਖ਼ਮੀ ਹੋਏ ਹਨ।
ਬੈਰਾਗੜ੍ਹ ਤੋਂ ਚੰਬਾ ਵੱਲ ਜਾ ਰਹੀ ਸੀ ਬੱਸ
ਮਿਲੀ ਜਾਣਕਾਰੀ ਅਨੁਸਾਰ ਸ਼ਰਮਾ ਟਰੈਵਲਰਜ਼ ਦੀ ਇਹ ਨਿੱਜੀ ਬੱਸ ਸ਼ਨੀਵਾਰ ਸਵੇਰੇ ਕਰੀਬ 6:30 ਵਜੇ ਬੈਰਾਗੜ੍ਹ ਤੋਂ ਚੰਬਾ ਲਈ ਰਵਾਨਾ ਹੋਈ ਸੀ। ਬੱਸ ਨੇ ਹਾਲੇ ਲਗਭਗ 3 ਕਿਲੋਮੀਟਰ ਦਾ ਸਫ਼ਰ ਹੀ ਤੈਅ ਕੀਤਾ ਸੀ ਕਿ ਦੇਵੀਕੋਠੀ ਨੇੜੇ ਚਾਲੁਜ ਮੋੜ ’ਤੇ ਇਹ ਹਾਦਸਾ ਵਾਪਰ ਗਿਆ।
ਮੋੜ ’ਤੇ ਵਿਗੜਿਆ ਬੱਸ ਦਾ ਸੰਤੁਲਨ
ਚਾਲੁਜ ਮੋੜ ਨੇੜੇ ਪਹੁੰਚਣ ’ਤੇ ਬੱਸ ਬੇਕਾਬੂ ਹੋ ਗਈ ਅਤੇ ਸੜਕ ਤੋਂ ਹੇਠਾਂ ਦੂਜੀ ਸੜਕ ’ਤੇ ਜਾ ਡਿੱਗੀ। ਟੱਕਰ ਅਤੇ ਬੱਸ ਦੇ ਹੇਠਾਂ ਡਿੱਗਣ ਕਾਰਨ ਕਈ ਯਾਤਰੀ ਬੱਸ ਅੰਦਰ ਹੀ ਫਸ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਚੀਕ-ਪੁਕਾਰ ਮਚ ਗਈ।
ਪਿੰਡ ਵਾਸੀਆਂ ਨੇ ਸੰਭਾਲਿਆ ਬਚਾਅ ਕਾਰਜ
ਹਾਦਸੇ ਦੀ ਆਵਾਜ਼ ਅਤੇ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਪਿੰਡਾਂ ਦੇ ਲੋਕ ਮੌਕੇ ’ਤੇ ਪਹੁੰਚ ਗਏ। ਸਥਾਨਕ ਲੋਕਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਚਾਅ ਕਾਰਜ ਸ਼ੁਰੂ ਕਰਦਿਆਂ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ। ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਤੀਸਾ ਪਹੁੰਚਾਇਆ ਗਿਆ।
ਬੱਸ ’ਚ 15 ਤੋਂ 16 ਯਾਤਰੀ ਸਵਾਰ ਹੋਣ ਦੀ ਜਾਣਕਾਰੀ
ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਬੱਸ ਵਿੱਚ ਕਰੀਬ 15 ਤੋਂ 16 ਯਾਤਰੀ ਸਵਾਰ ਸਨ। ਹਾਦਸੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਵੀ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਗਈਆਂ। ਬੱਸ ਦੇ ਮਲਬੇ ਹੇਠ ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਜਿਸ ਕਾਰਨ ਬਚਾਅ ਟੀਮਾਂ ਵੱਲੋਂ ਬੱਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮ੍ਰਿਤਕਾਂ ਦੀ ਪਛਾਣ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ
ਚੰਬਾ ਦੇ ਪੁਲਿਸ ਸੁਪਰਡੈਂਟ ਵਿਜੈ ਕੁਮਾਰ ਸਕਲਾਨੀ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਮੌਕੇ ’ਤੇ ਭੇਜ ਦਿੱਤਾ ਗਿਆ ਸੀ। ਜ਼ਖ਼ਮੀਆਂ ਦਾ ਇਲਾਜ ਸਿਵਲ ਹਸਪਤਾਲ ਤੀਸਾ ਵਿਖੇ ਚੱਲ ਰਿਹਾ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਦੀ ਪਛਾਣ ਕਰਨ ਦੇ ਨਾਲ-ਨਾਲ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਚੁਰਾਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

