ਅੰਮ੍ਰਿਤਸਰ :- ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਮਤਭੇਦ ਇੱਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆਏ ਹਨ। ਅੰਮ੍ਰਿਤਸਰ ਦੇ ਲਾਰੈਂਸ ਰੋਡ ਸਥਿਤ ਕੰਪਨੀ ਬਾਗ਼ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾਉਂਦੇ ਪੋਸਟਰ ਲਗਾਏ ਗਏ ਹਨ। ਇਹ ਪੋਸਟਰ ਸਵੇਰ ਦੇ ਸਮੇਂ ਸੈਰ ਕਰਨ ਆਉਣ ਵਾਲੇ ਲੋਕਾਂ ਦੀ ਨਜ਼ਰ ਵਿੱਚ ਆਏ, ਜਿਸ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਚਰਚਾ ਛਿੜ ਗਈ।
ਪੋਸਟਰਾਂ ‘ਚ ਚੰਨੀ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਕੀਤੀ ਮੰਗ
ਲੱਗੇ ਪੋਸਟਰਾਂ ਵਿੱਚ ਕਾਂਗਰਸ ਹਾਈਕਮਾਨ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਮੰਗ ਕੀਤੀ ਗਈ ਹੈ। ਇੱਕ ਹੋਰ ਪੋਸਟਰ ਵਿੱਚ ਚੰਨੀ ਦੇ ਭਾਜਪਾ ਪ੍ਰਤੀ ਰੁਖ ਨੂੰ ਲੈ ਕੇ ਵੀ ਸਵਾਲ ਉਠਾਏ ਗਏ ਹਨ। ਹਾਲਾਂਕਿ ਪੋਸਟਰ ਲਗਾਉਣ ਵਾਲਿਆਂ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ, ਪਰ ਸਿਆਸੀ ਚਰਚਾਵਾਂ ਵਿੱਚ ਇਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਇੱਕ ਧੜੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਫਿਰੋਜ਼ਪੁਰ ਵਿੱਚ ਵੀ ਹੋਇਆ ਸੀ ਪੋਸਟਰਾਂ ਰਾਹੀਂ ਵਿਰੋਧ
ਇਸ ਤੋਂ ਪਹਿਲਾਂ ਫਿਰੋਜ਼ਪੁਰ ਵਿੱਚ ਵੀ ਚੰਨੀ ਖ਼ਿਲਾਫ਼ ਪੋਸਟਰ ਲਗਾਏ ਗਏ ਸਨ। ਉਨ੍ਹਾਂ ਪੋਸਟਰਾਂ ਵਿੱਚ ਚੰਨੀ ਦੀ ਤਸਵੀਰ ਨਾਲ ਵਿਵਾਦਿਤ ਸੁਨੇਹੇ ਲਿਖੇ ਗਏ ਸਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਨਾਅਰੇ ਵੀ ਦਰਜ ਕੀਤੇ ਗਏ ਸਨ। ਇਹ ਪੋਸਟਰ ਸ਼ਹਿਰ ਦੇ ਕਈ ਜਨਤਕ ਸਥਾਨਾਂ ‘ਤੇ ਦੇਖਣ ਨੂੰ ਮਿਲੇ ਸਨ।
ਸਮਰਥਕਾਂ ਨੇ ਵੀ ਪੋਸਟਰਾਂ ਰਾਹੀਂ ਦਿੱਤਾ ਜਵਾਬ
ਚੰਨੀ ਦੇ ਸਮਰਥਕਾਂ ਨੇ ਵੀ ਪੋਸਟਰ ਲਗਾ ਕੇ ਆਪਣਾ ਪੱਖ ਰੱਖਿਆ ਸੀ। ਇਨ੍ਹਾਂ ਪੋਸਟਰਾਂ ਵਿੱਚ ਪਾਰਟੀ ਲੀਡਰਸ਼ਿਪ ਵਿੱਚ ਤਬਦੀਲੀ ਦੀ ਮੰਗ ਕਰਨ ਦੇ ਨਾਲ-ਨਾਲ ਚੰਨੀ ਦੇ ਹੱਕ ਵਿੱਚ ਨਾਅਰੇ ਵੀ ਲਿਖੇ ਗਏ ਸਨ। ਇਸ ਤਰ੍ਹਾਂ ਪੋਸਟਰਾਂ ਰਾਹੀਂ ਦੋਵੇਂ ਧੜਿਆਂ ਵਿਚਾਲੇ ਸਿਆਸੀ ਖਿੱਚੋਤਾਣ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ।
ਚੰਨੀ ਅਤੇ ਪਾਰਟੀ ਲੀਡਰਸ਼ਿਪ ਵਿਚਾਲੇ ਦੂਰੀ ਦੀਆਂ ਚਰਚਾਵਾਂ ਤੇਜ਼
ਇਸ ਪੂਰੇ ਘਟਨਾਕ੍ਰਮ ਵਿਚਾਲੇ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿਚਾਲੇ ਸਬੰਧਾਂ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਹਾਲ ਹੀ ਵਿੱਚ ਪੰਜਾਬ ਦੌਰੇ ਦੌਰਾਨ ਕਾਂਗਰਸ ਆਗੂ ਭੂਪੇਸ਼ ਬਘੇਲ ਦੀ ਚੰਨੀ ਨਾਲ ਮੁਲਾਕਾਤ ਨਾ ਹੋਣ ਅਤੇ ਚੰਨੀ ਵੱਲੋਂ ਕੁਝ ਪਾਰਟੀ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਰੱਖਣ ਤੋਂ ਬਾਅਦ ਸਿਆਸੀ ਅਟਕਲਾਂ ਨੂੰ ਹੋਰ ਬਲ ਮਿਲਿਆ ਹੈ। ਹਾਲਾਂਕਿ ਇਸ ਮਾਮਲੇ ‘ਤੇ ਪਾਰਟੀ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।

