ਰੂਪਨਗਰ :- ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਰਹਿਣ ਵਾਲੇ ਸੱਤ ਸਾਲਾ ਤੇਗਬੀਰ ਸਿੰਘ ਨੇ ਪਰਬਤਾਰੋਹਣ ਦੇ ਖੇਤਰ ਵਿੱਚ ਨਵਾਂ ਇਤਿਹਾਸ ਰਚ ਦਿੱਤਾ ਹੈ। ਸਿਰਫ਼ 7 ਸਾਲ 10 ਮਹੀਨੇ ਦੀ ਉਮਰ ਵਿੱਚ ਉਸ ਨੇ ਹਿਮਾਚਲ ਪ੍ਰਦੇਸ਼ ਦੇ ਲਾਹੌਲ ਖੇਤਰ ਦੀ ਜ਼ਾਂਸਕਰ ਪਰਬਤ ਲੜੀ ਵਿੱਚ ਸਥਿਤ 6,111 ਮੀਟਰ ਉੱਚੇ ਮਾਊਂਟ ਯੂਨਮ ਨੂੰ ਸਫਲਤਾਪੂਰਵਕ ਫਤਿਹ ਕਰਕੇ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਪ੍ਰਾਪਤੀ ਨਾਲ ਉਸ ਨੇ ਪਹਿਲਾਂ ਬਣਿਆ ਰਿਕਾਰਡ ਵੀ ਪਿੱਛੇ ਛੱਡ ਦਿੱਤਾ।
ਪੁਰਾਣਾ ਵਿਸ਼ਵ ਰਿਕਾਰਡ ਵੀ ਟੁੱਟਿਆ
ਮਾਊਂਟ ਯੂਨਮ ਦੀ ਚੋਟੀ ਫਤਿਹ ਕਰਕੇ ਤੇਗਬੀਰ ਨੇ ਮੁੰਬਈ ਦੀ ਕਾਮਿਆ ਵੱਲੋਂ 2017 ਵਿੱਚ ਬਣਾਇਆ ਗਿਆ ਰਿਕਾਰਡ ਤੋੜ ਦਿੱਤਾ। ਕਾਮਿਆ ਨੇ ਕਰੀਬ 10 ਸਾਲ ਦੀ ਉਮਰ ਵਿੱਚ 6,000 ਮੀਟਰ ਤੋਂ ਉੱਚੀ ਚੋਟੀ ਸਰ ਕੀਤੀ ਸੀ, ਜਦਕਿ ਤੇਗਬੀਰ ਨੇ ਇਹ ਉਪਲਬਧੀ ਲਗਭਗ ਦੋ ਸਾਲ ਪਹਿਲਾਂ ਹੀ ਆਪਣੇ ਨਾਮ ਕਰ ਲਈ।
ਛੇ ਦਿਨਾਂ ਦੀ ਸਖ਼ਤ ਚੜ੍ਹਾਈ ਤੋਂ ਬਾਅਦ ਪਹੁੰਚਿਆ ਸਿਖਰ ‘ਤੇ
ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੀ ਤੀਜੀ ਜਮਾਤ ਵਿੱਚ ਪੜ੍ਹਦੇ ਤੇਗਬੀਰ ਨੇ 7 ਜੁਲਾਈ ਨੂੰ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ। ਉੱਚਾਈ ਵਾਲੇ ਖੇਤਰ ਵਿੱਚ ਆਕਸੀਜਨ ਦੀ ਘਾਟ, ਕੜਾਕੇ ਦੀ ਠੰਢ ਅਤੇ ਔਖੇ ਰਸਤੇ ਦਾ ਸਾਹਮਣਾ ਕਰਦਿਆਂ ਉਸ ਨੇ 13 ਜੁਲਾਈ ਨੂੰ ਛੇ ਦਿਨਾਂ ਬਾਅਦ ਚੋਟੀ ‘ਤੇ ਤਿਰੰਗਾ ਲਹਿਰਾਇਆ।
ਨੌਂ ਘੰਟਿਆਂ ਦੀ ਪੈਦਲ ਚੜ੍ਹਾਈ ਨਾਲ ਪੂਰਾ ਕੀਤਾ ਸੁਪਨਾ
ਤੇਗਬੀਰ ਦੇ ਪਿਤਾ ਸੁਖਿੰਦਰਦੀਪ ਸਿੰਘ ਨੇ ਦੱਸਿਆ ਕਿ ਅੰਤਿਮ ਪੜਾਅ ਦੌਰਾਨ ਉਨ੍ਹਾਂ ਨੇ ਬੇਹੱਦ ਔਖੇ ਪਹਾੜੀ ਰਸਤੇ ‘ਤੇ ਲਗਾਤਾਰ ਕਰੀਬ ਨੌਂ ਘੰਟੇ ਪੈਦਲ ਸਫ਼ਰ ਕੀਤਾ। 13 ਜੁਲਾਈ ਨੂੰ ਦੁਪਹਿਰ 2:50 ਵਜੇ ਉਹ ਸਿਖਰ ‘ਤੇ ਪਹੁੰਚੇ। ਮੁਹਿੰਮ ਦਾ ਅਧਿਕਾਰਤ ਪ੍ਰਮਾਣ ਪੱਤਰ ‘ਪਰਵਤਮ ਐਕਸਪੀਡੀਸ਼ਨ ਐਂਡ ਟ੍ਰੈਵਲ’ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਚੜ੍ਹਾਈ ਦੀ ਮਿਤੀ, ਸਮਾਂ ਅਤੇ ਤੇਗਬੀਰ ਦੀ ਉਮਰ ਦਰਜ ਕੀਤੀ ਗਈ ਹੈ।
ਛੇ ਮਹੀਨੇ ਤੱਕ ਕੀਤੀ ਸਖ਼ਤ ਤਿਆਰੀ
ਤੇਗਬੀਰ ਦੇ ਪਿਤਾ ਨੇ ਦੱਸਿਆ ਕਿ ਇਸ ਮੁਹਿੰਮ ਲਈ ਉਹ ਕਰੀਬ ਛੇ ਮਹੀਨੇ ਤੱਕ ਲਗਾਤਾਰ ਤਿਆਰੀ ਕਰਦਾ ਰਿਹਾ। ਇਸ ਦੌਰਾਨ ਉਸ ਨੇ ਨੇਪਾਲ ਵਿੱਚ 235 ਕਿਲੋਮੀਟਰ ਲੰਬਾ ਅੰਨਪੂਰਨਾ ਸਰਕਟ ਟ੍ਰੈਕ ਵੀ ਪੂਰਾ ਕੀਤਾ, ਜਿਸ ਨੇ ਉਸ ਦੀ ਸਰੀਰਕ ਸਮਰੱਥਾ ਅਤੇ ਉੱਚਾਈ ਵਾਲੇ ਮਾਹੌਲ ਨਾਲ ਤਾਲਮੇਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਖ਼ਾਸ ਸਿਖਲਾਈ ਅਤੇ ਅਨੁਸ਼ਾਸਨ ਬਣੇ ਸਫ਼ਲਤਾ ਦੀ ਕੁੰਜੀ
ਸੇਵਾਮੁਕਤ ਕੋਚ ਬਿਕਰਮਜੀਤ ਸਿੰਘ ਘੁੰਮਣ ਦੀ ਰਹਿਨੁਮਾਈ ਹੇਠ ਤੇਗਬੀਰ ਨੇ ਵਿਸ਼ੇਸ਼ ਸਿਖਲਾਈ ਲਈ। ਇਸ ਵਿੱਚ ਸਰੀਰਕ ਤਾਕਤ, ਫੇਫੜਿਆਂ ਦੀ ਸਮਰੱਥਾ, ਸਹਿਣਸ਼ੀਲਤਾ ਅਤੇ ਉੱਚਾਈ ਵਾਲੇ ਮਾਹੌਲ ਨਾਲ ਖੁਦ ਨੂੰ ਅਨੁਕੂਲ ਬਣਾਉਣ ‘ਤੇ ਖ਼ਾਸ ਧਿਆਨ ਦਿੱਤਾ ਗਿਆ। ਚੋਟੀ ‘ਤੇ ਚੜ੍ਹਨ ਤੋਂ ਪਹਿਲਾਂ ਟੀਮ ਨੇ ਤਿੰਨ ਦਿਨ ਬੇਸ ਕੈਂਪ ਅਤੇ ਦੋ ਰਾਤਾਂ ਉੱਚਾਈ ਵਾਲੇ ਕੈਂਪ ਵਿੱਚ ਬਿਤਾਈਆਂ ਤਾਂ ਜੋ ਸਰੀਰ ਉਚਾਈ ਦੇ ਅਨੁਕੂਲ ਹੋ ਸਕੇ।
ਮਾਂ ਨੇ ਦੱਸਿਆ ਖੁਰਾਕ ਦਾ ਵੀ ਰਿਹਾ ਵੱਡਾ ਯੋਗਦਾਨ
ਤੇਗਬੀਰ ਦੀ ਮਾਤਾ ਡਾ. ਮਨਪ੍ਰੀਤ ਕੌਰ, ਜੋ ਕਿ ਗਾਇਨੀਕੋਲੋਜਿਸਟ ਹਨ, ਨੇ ਦੱਸਿਆ ਕਿ ਸਿਖਲਾਈ ਦੌਰਾਨ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਨੁਸ਼ਾਸਿਤ ਜੀਵਨ-ਸ਼ੈਲੀ ਨੇ ਤੇਗਬੀਰ ਦੀ ਇਸ ਉਪਲਬਧੀ ਵਿੱਚ ਅਹਿਮ ਭੂਮਿਕਾ ਨਿਭਾਈ।
ਇਸ ਤੋਂ ਪਹਿਲਾਂ ਵੀ ਬਣਾ ਚੁੱਕਾ ਹੈ ਕਈ ਰਿਕਾਰਡ
ਤੇਗਬੀਰ ਦਾ ਨਾਮ ਇਸ ਤੋਂ ਪਹਿਲਾਂ ਵੀ ਕਈ ਅੰਤਰਰਾਸ਼ਟਰੀ ਉਪਲਬਧੀਆਂ ਨਾਲ ਜੁੜ ਚੁੱਕਾ ਹੈ। ਇਸ ਸਾਲ ਉਸ ਨੇ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਵਜੋਂ 235 ਕਿਲੋਮੀਟਰ ਅੰਨਪੂਰਨਾ ਸਰਕਟ ਟ੍ਰੈਕ ਪੂਰਾ ਕੀਤਾ। ਜੂਨ 2025 ਵਿੱਚ ਉਹ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਬਣਿਆ ਸੀ, ਜਦਕਿ ਅਗਸਤ 2024 ਵਿੱਚ ਉਸ ਨੇ ਮਾਊਂਟ ਕਿਲੀਮੰਜਾਰੋ ਫਤਿਹ ਕਰਕੇ ਸਭ ਤੋਂ ਘੱਟ ਉਮਰ ਦੇ ਏਸ਼ੀਆਈ ਵਜੋਂ ਰਿਕਾਰਡ ਆਪਣੇ ਨਾਮ ਕੀਤਾ। ਉਹ ਪੰਜ ਸਾਲ ਦੀ ਉਮਰ ਵਿੱਚ ਐਵਰੈਸਟ ਬੇਸ ਕੈਂਪ ਤੱਕ ਵੀ ਪਹੁੰਚ ਚੁੱਕਾ ਹੈ।
ਅਕਾਲ ਤਖ਼ਤ ਤੋਂ ਵੀ ਮਿਲ ਚੁੱਕਾ ਹੈ ਸਨਮਾਨ
ਪਰਬਤਾਰੋਹਣ ਦੇ ਖੇਤਰ ਵਿੱਚ ਲਗਾਤਾਰ ਮਿਲ ਰਹੀਆਂ ਕਾਮਯਾਬੀਆਂ ਅਤੇ ਸਿੱਖ ਭਾਈਚਾਰੇ ਦਾ ਨਾਮ ਵਿਸ਼ਵ ਪੱਧਰ ‘ਤੇ ਰੌਸ਼ਨ ਕਰਨ ਲਈ ਤੇਗਬੀਰ ਸਿੰਘ ਨੂੰ ਸਾਲ 2025 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਸੀ। ਹੁਣ ਮਾਊਂਟ ਯੂਨਮ ਫਤਿਹ ਕਰਕੇ ਉਸ ਨੇ ਆਪਣੀਆਂ ਉਪਲਬਧੀਆਂ ਵਿੱਚ ਇੱਕ ਹੋਰ ਇਤਿਹਾਸਕ ਅਧਿਆਇ ਜੋੜ ਦਿੱਤਾ ਹੈ।

