ਨਵੀਂ ਦਿੱਲੀ :- ਬ੍ਰਿਟੇਨ ਵਿੱਚ 18 ਸਾਲਾ ਹੈਨਰੀ ਨੋਵਾਕ ਦੇ ਕਤਲ ਮਾਮਲੇ ਵਿੱਚ ਇੱਕ ਨਵਾਂ ਅਤੇ ਅਹਿਮ ਖੁਲਾਸਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਤਲ ਦੇ ਦੋਸ਼ੀ 23 ਸਾਲਾ ਵਿਕਰਮ ਡਿਗਵਾ ਨੇ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਵੈਨ ਵਿੱਚ ਆਪਣੇ ਭਰਾ ਨਾਲ ਗੱਲਬਾਤ ਦੌਰਾਨ ਕਤਲ ਕਰਨ ਦੀ ਗੱਲ ਕਬੂਲ ਕੀਤੀ। ਇਹ ਗੱਲਬਾਤ ਉਸ ਸਮੇਂ ਰਿਕਾਰਡ ਹੋਈ ਜਦੋਂ ਦੋਵੇਂ ਭਰਾਵਾਂ ਨੂੰ ਪੁਲਿਸ ਹਿਰਾਸਤ ਤੋਂ ਅਦਾਲਤ ਲਿਜਾਇਆ ਜਾ ਰਿਹਾ ਸੀ।
ਭਰਾ ਦੇ ਸਵਾਲ ‘ਤੇ ਕੀਤਾ ਕਤਲ ਦਾ ਇਕਬਾਲ
ਜਾਂਚ ਦੌਰਾਨ ਸਾਹਮਣੇ ਆਈ ਗੱਲਬਾਤ ਅਨੁਸਾਰ ਵਿਕਰਮ ਦੇ ਭਰਾ ਗੁਰਪ੍ਰੀਤ ਨੇ ਉਸ ਤੋਂ ਪੁੱਛਿਆ ਕਿ ਕੀ ਉਸ ਨੇ ਹਮਲਾ ਕੀਤਾ ਸੀ। ਇਸ ਦੇ ਜਵਾਬ ਵਿੱਚ ਵਿਕਰਮ ਨੇ ਇਸ਼ਾਰਿਆਂ ਰਾਹੀਂ ਦੱਸਿਆ ਕਿ ਉਸ ਨੇ ਪੀੜਤ ਦੇ ਮੋਢੇ, ਚਿਹਰੇ ਅਤੇ ਛਾਤੀ ‘ਤੇ ਚਾਕੂ ਨਾਲ ਵਾਰ ਕੀਤੇ ਸਨ। ਇਸ ਤੋਂ ਬਾਅਦ ਉਸ ਨੇ ਆਪਣੀ ਕਰਤੂਤ ‘ਤੇ ਪਛਤਾਵਾ ਜਤਾਉਂਦਿਆਂ ਕਿਹਾ, “ਮੈਂ ਮੂਰਖ ਹਾਂ।”
ਕਿਰਪਾਨ ਦੀ ਵਰਤੋਂ ਬਾਰੇ ਵੀ ਹੋਈ ਚਰਚਾ
ਗੱਲਬਾਤ ਦੌਰਾਨ ਗੁਰਪ੍ਰੀਤ ਨੇ ਵਿਕਰਮ ਨੂੰ ਪੁੱਛਿਆ ਕਿ ਉਸ ਨੇ ਹਥਿਆਰ ਦੀ ਵਰਤੋਂ ਕਿਉਂ ਕੀਤੀ। ਇਸ ਮਾਮਲੇ ਵਿੱਚ ਅਦਾਲਤ ਨੂੰ ਦੱਸਿਆ ਗਿਆ ਕਿ ਦੋਸ਼ੀ ਆਪਣੇ ਗਲੇ ਵਿੱਚ ਇੱਕ ਛੋਟੀ ਧਾਰਮਿਕ ਕਿਰਪਾਨ ਪਹਿਨਦਾ ਸੀ, ਪਰ ਹਮਲੇ ਲਈ ਇੱਕ ਵੱਡੇ ਬਲੇਡ ਵਾਲਾ ਚਾਕੂ ਵਰਤਿਆ ਗਿਆ ਸੀ। ਇਸ ਮੁੱਦੇ ‘ਤੇ ਵੀ ਦੋਵੇਂ ਭਰਾਵਾਂ ਵਿਚਕਾਰ ਪੁਲਿਸ ਵੈਨ ਵਿੱਚ ਚਰਚਾ ਹੋਈ ਸੀ।
ਪਹਿਲਾਂ ਕੀਤਾ ਸੀ ਸਵੈ-ਰੱਖਿਆ ਦਾ ਦਾਅਵਾ
ਮੁਕੱਦਮੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਘਟਨਾ ਤੋਂ ਤੁਰੰਤ ਬਾਅਦ ਵਿਕਰਮ ਡਿਗਵਾ ਨੇ ਪੁਲਿਸ ਅਤੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਸ ‘ਤੇ ਨਸਲੀ ਹਮਲਾ ਹੋਇਆ ਸੀ ਅਤੇ ਉਸ ਨੇ ਸਿਰਫ਼ ਸਵੈ-ਰੱਖਿਆ ਲਈ ਕਾਰਵਾਈ ਕੀਤੀ। ਹਾਲਾਂਕਿ, ਜਾਂਚ ਅਤੇ ਅਦਾਲਤ ਵਿੱਚ ਪੇਸ਼ ਕੀਤੇ ਗਏ ਸਬੂਤਾਂ ਨੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ।
21 ਸਾਲ ਦੀ ਘੱਟੋ-ਘੱਟ ਉਮਰ ਕੈਦ ਦੀ ਸਜ਼ਾ
ਅਦਾਲਤ ਨੇ ਜੂਨ ਮਹੀਨੇ ਵਿੱਚ ਵਿਕਰਮ ਡਿਗਵਾ ਨੂੰ ਹੈਨਰੀ ਨੋਵਾਕ ਦੇ ਕਤਲ ਦਾ ਦੋਸ਼ੀ ਕਰਾਰ ਦਿੰਦਿਆਂ ਘੱਟੋ-ਘੱਟ 21 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਜਨਤਕ ਥਾਂ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਚਾਕੂ ਰੱਖਣ ਦੇ ਮਾਮਲੇ ਵਿੱਚ ਵੀ ਉਸ ਨੂੰ ਵੱਖਰੀ ਸਜ਼ਾ ਦਿੱਤੀ ਗਈ।
ਮਾਂ ਖ਼ਿਲਾਫ਼ ਵੀ ਕਾਰਵਾਈ
ਇਸੇ ਮਾਮਲੇ ਵਿੱਚ ਦੋਸ਼ੀ ਦੀ ਮਾਂ ਕਿਰਨ ਕੌਰ ਨੂੰ ਘਟਨਾ ਤੋਂ ਬਾਅਦ ਹਥਿਆਰ ਲੁਕਾਉਣ ਦੀ ਕੋਸ਼ਿਸ਼ ਕਰਕੇ ਦੋਸ਼ੀ ਦੀ ਮਦਦ ਕਰਨ ਦੇ ਅਪਰਾਧ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਨੂੰ ਸਜ਼ਾ ਸੁਣਾਈ ਜਾਣੀ ਅਜੇ ਬਾਕੀ ਹੈ।
ਪੁਲਿਸ ਦੀ ਭੂਮਿਕਾ ਵੀ ਜਾਂਚ ਹੇਠ
ਇਸ ਕਤਲ ਕਾਂਡ ਤੋਂ ਬਾਅਦ ਪੁਲਿਸ ਦੀ ਕਾਰਵਾਈ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਘਟਨਾ ਸਥਾਨ ਦੀ ਬਾਡੀਕੈਮ ਫੁਟੇਜ ਸਾਹਮਣੇ ਆਉਣ ਮਗਰੋਂ ਸੁਤੰਤਰ ਜਾਂਚ ਸ਼ੁਰੂ ਕੀਤੀ ਗਈ ਹੈ। ਜਾਂਚ ਵਿੱਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੌਕੇ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਨਿਯਮਾਂ ਅਤੇ ਪ੍ਰਕਿਰਿਆ ਅਨੁਸਾਰ ਕਾਰਵਾਈ ਕੀਤੀ ਸੀ ਜਾਂ ਨਹੀਂ।

