ਨਵੀਂ ਦਿੱਲੀ :- ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ ਬੁੱਧਵਾਰ ਨੂੰ ਨੀਟ (ਯੂਜੀ) 2026 ਦਾ ਨਤੀਜਾ ਜਾਰੀ ਕਰ ਦਿੱਤਾ। ਇਸ ਵਾਰ ਦੇਸ਼ ਭਰ ਵਿੱਚ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਹੋਈ ਇਸ ਪ੍ਰਵੇਸ਼ ਪ੍ਰੀਖਿਆ ਵਿੱਚ ਪੰਜਾਬ ਅਤੇ ਹਰਿਆਣਾ ਦੇ ਵਿਦਿਆਰਥੀਆਂ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਾਂਝੇ ਤੌਰ ‘ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਲਗਭਗ 20 ਲੱਖ ਉਮੀਦਵਾਰਾਂ ਵਿੱਚੋਂ 11.21 ਲੱਖ ਤੋਂ ਵੱਧ ਵਿਦਿਆਰਥੀ ਪ੍ਰੀਖਿਆ ਪਾਸ ਕਰਨ ਵਿੱਚ ਕਾਮਯਾਬ ਰਹੇ ਹਨ।
715 ਅੰਕਾਂ ਨਾਲ ਪੰਜਾਬ ਅਤੇ ਹਰਿਆਣਾ ਦੇ ਵਿਦਿਆਰਥੀ ਟਾਪ ‘ਤੇ
ਐੱਨ.ਟੀ.ਏ. ਅਨੁਸਾਰ ਪੰਜਾਬ ਦੇ ਆਰੀਅਨ ਗੁਪਤਾ ਅਤੇ ਹਰਿਆਣਾ ਦੇ ਪੰਸ਼ੁਲ ਬਾਂਸਲ ਨੇ 720 ਵਿੱਚੋਂ 715 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿੱਚ ਸਾਂਝੇ ਤੌਰ ‘ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਦੋਵਾਂ ਵਿਦਿਆਰਥੀਆਂ ਨੇ ਇਸ ਸਾਲ ਦੀ ਪ੍ਰੀਖਿਆ ਵਿੱਚ ਸਭ ਤੋਂ ਵੱਧ ਅੰਕ ਹਾਸਲ ਕੀਤੇ ਹਨ।
66 ਸ਼ਹਿਰਾਂ ਦੇ ਵਿਦਿਆਰਥੀਆਂ ਨੇ ਬਣਾਈ ਟਾਪ ਰੈਂਕਿੰਗ ਵਿੱਚ ਜਗ੍ਹਾ
ਇਸ ਸਾਲ ਟਾਪ ਰੈਂਕ ਹਾਸਲ ਕਰਨ ਵਾਲੇ 138 ਵਿਦਿਆਰਥੀ ਦੇਸ਼ ਦੇ 66 ਵੱਖ-ਵੱਖ ਸ਼ਹਿਰਾਂ ਨਾਲ ਸੰਬੰਧਤ ਹਨ। 705 ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲਿਆਂ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਤਾਮਿਲਨਾਡੂ ਅਤੇ ਤੇਲੰਗਾਨਾ ਦੇ ਵਿਦਿਆਰਥੀਆਂ ਦੀ ਵੱਡੀ ਹਿੱਸੇਦਾਰੀ ਰਹੀ।
ਲੜਕੀਆਂ ਨੇ ਇੱਕ ਵਾਰ ਫਿਰ ਮਾਰੀ ਬਾਜ਼ੀ
ਨਤੀਜਿਆਂ ਅਨੁਸਾਰ ਇਸ ਵਾਰ ਵੀ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਯੋਗ ਕਰਾਰ ਦਿੱਤੇ ਗਏ ਉਮੀਦਵਾਰਾਂ ਵਿੱਚ 58 ਫ਼ੀਸਦੀ ਤੋਂ ਵੱਧ ਲੜਕੀਆਂ ਹਨ। ਇਸ ਤੋਂ ਇਲਾਵਾ ਸਫਲਤਾ ਦਰ ਵੀ ਲੜਕੀਆਂ ਦੀ ਲੜਕਿਆਂ ਨਾਲੋਂ ਵੱਧ ਰਹੀ।
ਪਹਿਲੀ ਕੋਸ਼ਿਸ਼ ਕਰਨ ਵਾਲੇ ਵਿਦਿਆਰਥੀਆਂ ਦਾ ਦਬਦਬਾ
ਐੱਨ.ਟੀ.ਏ. ਨੇ ਦੱਸਿਆ ਕਿ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ 17 ਤੋਂ 19 ਸਾਲ ਦੀ ਉਮਰ ਵਰਗ ਨਾਲ ਸਬੰਧਤ ਹਨ ਅਤੇ ਉਨ੍ਹਾਂ ਵਿੱਚੋਂ ਬਹੁਤੇ ਪਹਿਲੀ ਵਾਰ ਨੀਟ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ। ਟਾਪ ਪ੍ਰਦਰਸ਼ਨ ਕਰਨ ਵਾਲੇ 138 ਵਿਦਿਆਰਥੀਆਂ ਨੇ 690 ਤੋਂ ਵੱਧ ਅੰਕ ਹਾਸਲ ਕੀਤੇ, ਜੋ ਇਸ ਪ੍ਰੀਖਿਆ ਵਿੱਚ ਵਧ ਰਹੇ ਮੁਕਾਬਲੇ ਨੂੰ ਦਰਸਾਉਂਦਾ ਹੈ।
ਦੇਸ਼ ਦੇ ਹਰ ਸੂਬੇ ਤੋਂ ਮਿਲੀ ਸਫਲਤਾ
ਐੱਨ.ਟੀ.ਏ. ਮੁਤਾਬਕ ਇਸ ਵਾਰ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਦਿਆਰਥੀਆਂ ਨੇ ਯੋਗਤਾ ਹਾਸਲ ਕੀਤੀ ਹੈ। ਉੱਤਰ ਪ੍ਰਦੇਸ਼ ਤੋਂ ਸਭ ਤੋਂ ਵੱਧ ਉਮੀਦਵਾਰ ਸਫਲ ਰਹੇ, ਜਦਕਿ ਲੱਦਾਖ, ਲਕਸ਼ਦੀਪ ਅਤੇ ਅੰਡੇਮਾਨ-ਨਿਕੋਬਾਰ ਵਰਗੇ ਛੋਟੇ ਖੇਤਰਾਂ ਦੇ ਵਿਦਿਆਰਥੀਆਂ ਨੇ ਵੀ ਉਲੇਖਣਯੋਗ ਪ੍ਰਦਰਸ਼ਨ ਕੀਤਾ।
13 ਭਾਸ਼ਾਵਾਂ ਵਿੱਚ ਹੋਈ ਸੀ ਪ੍ਰੀਖਿਆ
ਨੀਟ-ਯੂਜੀ 2026 ਦੀ ਪ੍ਰੀਖਿਆ ਦੇਸ਼ ਅਤੇ ਵਿਦੇਸ਼ ਦੇ 5,440 ਕੇਂਦਰਾਂ ‘ਤੇ ਕਰਵਾਈ ਗਈ। ਪ੍ਰੀਖਿਆ ਹਿੰਦੀ, ਅੰਗਰੇਜ਼ੀ, ਪੰਜਾਬੀ, ਤਾਮਿਲ, ਤੇਲਗੂ, ਬੰਗਾਲੀ, ਮਰਾਠੀ, ਗੁਜਰਾਤੀ, ਕਨੜ, ਮਲਿਆਲਮ, ਅਸਾਮੀ, ਓਡੀਆ ਅਤੇ ਉਰਦੂ ਸਮੇਤ 13 ਭਾਸ਼ਾਵਾਂ ਵਿੱਚ ਲਈ ਗਈ।
700 ਤੋਂ ਵੱਧ ਅੰਕ ਲੈਣ ਵਾਲੇ 19 ਵਿਦਿਆਰਥੀ
ਐੱਨ.ਟੀ.ਏ. ਵੱਲੋਂ ਜਾਰੀ ਅੰਕੜਿਆਂ ਅਨੁਸਾਰ 19 ਉਮੀਦਵਾਰਾਂ ਨੇ 700 ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ 1,492 ਵਿਦਿਆਰਥੀਆਂ ਨੇ 650 ਜਾਂ ਇਸ ਤੋਂ ਵੱਧ ਅੰਕ ਹਾਸਲ ਕੀਤੇ। 10 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੇ 600 ਤੋਂ ਉੱਪਰ ਅਤੇ ਕਰੀਬ 91 ਹਜ਼ਾਰ ਵਿਦਿਆਰਥੀਆਂ ਨੇ 500 ਤੋਂ ਵੱਧ ਅੰਕ ਪ੍ਰਾਪਤ ਕਰਕੇ ਮੈਡੀਕਲ ਸੀਟਾਂ ਲਈ ਸਖ਼ਤ ਮੁਕਾਬਲੇ ਦੀ ਤਸਵੀਰ ਪੇਸ਼ ਕੀਤੀ ਹੈ।
ਹੁਣ ਕਾਊਂਸਲਿੰਗ ਪ੍ਰਕਿਰਿਆ ਸ਼ੁਰੂ ਹੋਣ ਦੀ ਉਡੀਕ
ਨਤੀਜੇ ਐਲਾਨੇ ਜਾਣ ਤੋਂ ਬਾਅਦ ਹੁਣ ਐਮ.ਬੀ.ਬੀ.ਐੱਸ., ਬੀ.ਡੀ.ਐੱਸ., ਆਯੂਸ਼ ਅਤੇ ਹੋਰ ਅੰਡਰਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਆਲ ਇੰਡੀਆ ਕੋਟੇ ਅਤੇ ਸੂਬਾ ਕੋਟੇ ਅਧੀਨ ਕਾਊਂਸਲਿੰਗ ਪ੍ਰਕਿਰਿਆ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਵਿਦਿਆਰਥੀ ਹੁਣ ਅਗਲੇ ਪੜਾਅ ਦੀ ਉਡੀਕ ਕਰ ਰਹੇ ਹਨ।

