ਚੰਡੀਗੜ੍ਹ :- ਫ਼ਿਲਮ ‘ਸਤਲੁਜ’ ਅਤੇ ਪੰਜਾਬ ਦੇ ਅਸ਼ਾਂਤ ਦੌਰ ਨਾਲ ਜੁੜੀ ਚੱਲ ਰਹੀ ਚਰਚਾ ਵਿਚਕਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਸਲਾਹ ਦਿੱਤੀ ਹੈ ਕਿ ਬੀਤੇ ਸਮੇਂ ਦੇ ਸੰਵੇਦਨਸ਼ੀਲ ਮਾਮਲਿਆਂ ਨੂੰ ਮੌਜੂਦਾ ਰਾਜਨੀਤੀ ਨਾਲ ਜੋੜ ਕੇ ਸਮਾਜ ਵਿੱਚ ਵੰਡ ਪੈਦਾ ਕਰਨ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।
‘ਬੀਤੇ ਦੌਰ ਨੂੰ ਰਾਜਨੀਤੀ ਦਾ ਹਥਿਆਰ ਨਾ ਬਣਾਇਆ ਜਾਵੇ’
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਹਾਕਿਆਂ ਦੀਆਂ ਦਰਦਨਾਕ ਘਟਨਾਵਾਂ ਨੂੰ ਮੁੜ ਉਭਾਰ ਕੇ ਲੋਕਾਂ ਵਿਚਕਾਰ ਮਤਭੇਦ ਪੈਦਾ ਕਰਨਾ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਉਸ ਨੂੰ ਸਮਾਜ ਵਿੱਚ ਨਵਾਂ ਵਿਵਾਦ ਖੜ੍ਹਾ ਕਰਨ ਲਈ ਵਰਤਣਾ ਵੀ ਠੀਕ ਨਹੀਂ ਮੰਨਿਆ ਜਾ ਸਕਦਾ।
ਸੋਸ਼ਲ ਮੀਡੀਆ ਪੋਸਟਾਂ ‘ਤੇ ਵੀ ਪ੍ਰਗਟਾਈ ਚਿੰਤਾ
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਪੁਰਾਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਕੇ ਸੰਵੇਦਨਸ਼ੀਲ ਮਾਮਲਿਆਂ ਨੂੰ ਦੁਬਾਰਾ ਚਰਚਾ ਵਿੱਚ ਲਿਆਉਣਾ ਸੂਬੇ ਦੇ ਮਾਹੌਲ ਲਈ ਠੀਕ ਨਹੀਂ ਹੈ। ਉਨ੍ਹਾਂ ਯਾਦ ਦਿਵਾਇਆ ਕਿ ਪੰਜਾਬ ਦੇ ਅਸ਼ਾਂਤ ਦੌਰ ਵਿੱਚ ਹਜ਼ਾਰਾਂ ਨਾਗਰਿਕਾਂ ਦੇ ਨਾਲ-ਨਾਲ ਕਰੀਬ 1,800 ਪੁਲਿਸ ਮੁਲਾਜ਼ਮਾਂ ਨੇ ਵੀ ਆਪਣੀਆਂ ਜਾਨਾਂ ਗੁਆਈਆਂ ਸਨ।
ਰਵਨੀਤ ਬਿੱਟੂ ਨੇ ਵੀ ਰੱਖਿਆ ਆਪਣਾ ਪੱਖ
ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਦਾਦਾ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਜੀਵਤ ਸਨ, ਉਸ ਸਮੇਂ ਭਾਈ ਜਸਵੰਤ ਸਿੰਘ ਖਾਲੜਾ ਖ਼ਿਲਾਫ਼ ਨਾ ਕੋਈ ਐਫ਼ਆਈਆਰ ਦਰਜ ਹੋਈ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਪੁੱਛਗਿੱਛ ਕੀਤੀ ਗਈ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਦੀ ਹੱਤਿਆ 31 ਅਗਸਤ 1995 ਨੂੰ ਹੋਈ, ਜਦਕਿ ਭਾਈ ਖਾਲੜਾ ਨੂੰ ਇਸ ਤੋਂ ਬਾਅਦ ਅਗਵਾ ਕੀਤਾ ਗਿਆ ਸੀ।
25 ਹਜ਼ਾਰ ਲਾਪਤਾ ਵਿਅਕਤੀਆਂ ਦੇ ਦਾਅਵੇ ‘ਤੇ ਵੀ ਚੁੱਕੇ ਸਵਾਲ
ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ 25 ਹਜ਼ਾਰ ਲਾਪਤਾ ਵਿਅਕਤੀਆਂ ਦੇ ਅੰਕੜੇ ਸਬੰਧੀ ਕੀਤੇ ਜਾਂਦੇ ਦਾਅਵਿਆਂ ਦਾ ਆਧਾਰ ਜਨਤਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਸੰਬੰਧੀ ਕੋਈ ਪ੍ਰਮਾਣਿਕ ਜਾਣਕਾਰੀ ਮੌਜੂਦ ਹੈ ਤਾਂ ਉਹ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਹੈ।
ਭਾਜਪਾ ਅੰਦਰ ਵੀ ਚਰਚਾ ਦਾ ਵਿਸ਼ਾ ਬਣਿਆ ਮਾਮਲਾ
ਰਾਜਨੀਤਿਕ ਹਲਕਿਆਂ ਵਿੱਚ ਇਹ ਚਰਚਾ ਵੀ ਹੈ ਕਿ ਪੰਜਾਬ ਵਿੱਚ ਸਿੱਖ ਭਾਈਚਾਰੇ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ ‘ਤੇ ਦਿੱਤੇ ਜਾ ਰਹੇ ਬਿਆਨ ਪਾਰਟੀ ਲਈ ਸਿਆਸੀ ਤੌਰ ‘ਤੇ ਚੁਣੌਤੀ ਬਣ ਸਕਦੇ ਹਨ। ਹਾਲਾਂਕਿ ਇਸ ਸਬੰਧੀ ਭਾਜਪਾ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ ਗਈ ਹੈ।

