ਆਂਧਰਾ ਪ੍ਰਦੇਸ਼ :- ਆਂਧਰਾ ਪ੍ਰਦੇਸ਼ ਦੇ ਕਡੱਪਾ ਜ਼ਿਲ੍ਹੇ ਵਿੱਚ ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆਉਣ ਅਤੇ ਦੋ ਮੌਤਾਂ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਪ੍ਰਸ਼ਾਸਨ ਨੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਪ੍ਰਭਾਵਿਤ ਇਲਾਕਿਆਂ ਵਿੱਚ ਵਿਸ਼ੇਸ਼ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ, ਜਦਕਿ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਮੈਡੀਕਲ ਵਿਦਿਆਰਥੀ ਵੀ ਨਿਕਲਿਆ ਕੋਵਿਡ ਪਾਜ਼ੇਟਿਵ
ਸਿਹਤ ਵਿਭਾਗ ਅਨੁਸਾਰ 25 ਸਾਲਾ ਇੱਕ ਮੈਡੀਕਲ ਵਿਦਿਆਰਥੀ ਦੀ ਵੀ ਕੋਵਿਡ ਜਾਂਚ ਪਾਜ਼ੇਟਿਵ ਆਈ ਹੈ। ਉਸ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਘਰ ਵਿੱਚ ਹੀ ਆਈਸੋਲੇਸ਼ਨ ਦੌਰਾਨ ਇਲਾਜ ਚੱਲ ਰਿਹਾ ਹੈ।
40 ਲੋਕਾਂ ਦੇ ਲਏ ਨਮੂਨੇ, ਬਾਕੀ ਰਿਪੋਰਟਾਂ ਦੀ ਉਡੀਕ
ਦੋ ਮੌਤਾਂ ਤੋਂ ਬਾਅਦ ਜ਼ਿਲ੍ਹਾ ਸਿਹਤ ਵਿਭਾਗ ਨੇ ਤੁਰੰਤ ਰੈਪਿਡ ਰਿਸਪਾਂਸ ਟੀਮਾਂ ਤਾਇਨਾਤ ਕਰ ਦਿੱਤੀਆਂ। ਪ੍ਰਭਾਵਿਤ ਇਲਾਕਿਆਂ ਵਿੱਚ ਸੰਪਰਕ ਵਿੱਚ ਆਏ ਕਰੀਬ 40 ਲੋਕਾਂ ਦੇ ਨਮੂਨੇ ਇਕੱਠੇ ਕੀਤੇ ਗਏ ਹਨ। ਹੁਣ ਤੱਕ 18 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ ਬਾਕੀ ਜਾਂਚ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ।
ਜ਼ਿਲ੍ਹੇ ਵਿੱਚ ਅੱਠ ਸਰਗਰਮ ਮਾਮਲੇ
ਜ਼ਿਲ੍ਹਾ ਪਰਿਸ਼ਦ ਦੀ ਮੀਟਿੰਗ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਇਸ ਵੇਲੇ ਕਡੱਪਾ ਵਿੱਚ ਕੋਵਿਡ-19 ਦੇ ਅੱਠ ਸਰਗਰਮ ਮਰੀਜ਼ ਹਨ। ਵਾਇਰਸ ਦੇ ਰੂਪ ਅਤੇ ਇਸ ਦੇ ਫੈਲਾਅ ਦੀ ਪੜਤਾਲ ਲਈ ਨਮੂਨਿਆਂ ਨੂੰ ਜਿਨੋਮ ਸੀਕਵੈਂਸਿੰਗ ਵਾਸਤੇ ਪੁਣੇ ਦੀ ਪ੍ਰਯੋਗਸ਼ਾਲਾ ਭੇਜਿਆ ਗਿਆ ਹੈ।
ਮੰਤਰੀ ਨੇ ਸਖ਼ਤ ਨਿਗਰਾਨੀ ਦੇ ਦਿੱਤੇ ਹੁਕਮ
ਜ਼ਿਲ੍ਹੇ ਦੀ ਇੰਚਾਰਜ ਮੰਤਰੀ ਸਵਿਤਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੰਕਰਮਣ ‘ਤੇ ਕਾਬੂ ਪਾਉਣ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਜ਼ਿਲ੍ਹਾ ਕਲੈਕਟਰ ਅਤੇ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕੋਵਿਡ ਸਬੰਧੀ ਸਾਰੇ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ।
ਲੱਛਣ ਵਾਲੇ ਲੋਕਾਂ ਦੀ ਤੁਰੰਤ ਪਛਾਣ ਕਰਨ ਦੇ ਨਿਰਦੇਸ਼
ਮੰਤਰੀ ਨੇ ਅਧਿਕਾਰੀਆਂ ਨੂੰ ਬੁਖ਼ਾਰ, ਖੰਘ ਅਤੇ ਸਾਹ ਲੈਣ ਵਿੱਚ ਤਕਲੀਫ਼ ਵਰਗੇ ਲੱਛਣਾਂ ਵਾਲੇ ਲੋਕਾਂ ਦੀ ਤੁਰੰਤ ਪਛਾਣ ਕਰਨ ਲਈ ਕਿਹਾ ਹੈ। ਜ਼ਰੂਰਤ ਪੈਣ ‘ਤੇ ਅਜਿਹੇ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਭੇਜਣ ਅਤੇ ਹਲਕੇ ਲੱਛਣ ਵਾਲਿਆਂ ਨੂੰ ਹੋਮ ਆਈਸੋਲੇਸ਼ਨ ਵਿੱਚ ਰੱਖ ਕੇ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਪਰਿਵਾਰਕ ਮੈਂਬਰਾਂ ਦੀ ਵੀ ਹੋਵੇਗੀ ਜਾਂਚ
ਪ੍ਰਸ਼ਾਸਨ ਨੇ ਸੰਕਰਮਿਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀ ਤੁਰੰਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਪ੍ਰਭਾਵਿਤ ਇਲਾਕਿਆਂ ਵਿੱਚ ਸਫ਼ਾਈ ਅਤੇ ਰੋਗਾਣੂਨਾਸ਼ਕ ਛਿੜਕਾਅ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ।
ਸੂਬੇ ਭਰ ਵਿੱਚ ਅਲਰਟ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਕਡੱਪਾ ਵਿੱਚ ਸਾਹਮਣੇ ਆਏ ਮਾਮਲਿਆਂ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਸਿਹਤ ਵਿਭਾਗ ਨੇ ਪੂਰੇ ਸੂਬੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਸਾਰੇ ਜ਼ਿਲ੍ਹਿਆਂ ਨੂੰ ਨਿਗਰਾਨੀ, ਟੈਸਟਿੰਗ ਅਤੇ ਸੰਕਰਮਣ ਰੋਕੂ ਪ੍ਰਬੰਧ ਮਜ਼ਬੂਤ ਕਰਨ ਲਈ ਕਿਹਾ ਗਿਆ ਹੈ। ਹਸਪਤਾਲਾਂ ਨੂੰ ਵੀ ਆਈਸੋਲੇਸ਼ਨ ਬੈੱਡ ਅਤੇ ਲੋੜੀਂਦੀਆਂ ਸਿਹਤ ਸਹੂਲਤਾਂ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਬਜਾਏ ਸਾਵਧਾਨੀ ਵਰਤਣ, ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣ, ਸਫ਼ਾਈ ਦਾ ਖ਼ਾਸ ਧਿਆਨ ਰੱਖਣ ਅਤੇ ਕੋਵਿਡ ਵਰਗੇ ਲੱਛਣ ਦਿਖਾਈ ਦੇਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣ।

