ਉੱਤਰੀ ਜ਼ਿਲ੍ਹਿਆਂ ਤੇ ਮੌਸਮ ਵਿਭਾਗ ਦੀ ਨਜ਼ਰ
ਚੰਡੀਗੜ੍ਹ :- ਪੰਜਾਬ ਵਿੱਚ ਮਾਨਸੂਨ ਦੀ ਸਰਗਰਮੀ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਅੱਜ ਚਾਰ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਲਈ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਚਿਤਾਵਨੀ ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਐਸ.ਏ.ਐਸ. ਨਗਰ (ਮੁਹਾਲੀ) ਦੇ ਦੂਰ-ਦੁਰਾਡੇ ਖੇਤਰਾਂ ਲਈ ਹੈ। ਇਸ ਤੋਂ ਇਲਾਵਾ ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ, ਹਾਲਾਂਕਿ ਉੱਥੇ ਕਿਸੇ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ।
8 ਅਤੇ 9 ਜੁਲਾਈ ਨੂੰ ਛੇ ਜ਼ਿਲ੍ਹਿਆਂ ਵਿੱਚ ਰਹੇਗੀ ਵੱਧ ਸਾਵਧਾਨੀ
ਮੌਸਮ ਵਿਭਾਗ ਦੇ ਅਨੁਸਾਰ 8 ਅਤੇ 9 ਜੁਲਾਈ ਨੂੰ ਯੈਲੋ ਅਲਰਟ ਦਾ ਦਾਇਰਾ ਹੋਰ ਵਧੇਗਾ। ਇਨ੍ਹਾਂ ਦੋਵੇਂ ਦਿਨਾਂ ਦੌਰਾਨ ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੁਹਾਲੀ) ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਵੀ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਕੀਤੀ ਗਈ ਹੈ।
10 ਜੁਲਾਈ ਨੂੰ ਅਲਰਟ ਖ਼ਤਮ, ਪਰ ਕਈ ਜ਼ਿਲ੍ਹਿਆਂ ਵਿੱਚ ਮੀਂਹ ਜਾਰੀ ਰਹੇਗਾ
10 ਜੁਲਾਈ ਲਈ ਕਿਸੇ ਵੀ ਜ਼ਿਲ੍ਹੇ ਵਿੱਚ ਮੌਸਮੀ ਅਲਰਟ ਜਾਰੀ ਨਹੀਂ ਕੀਤਾ ਗਿਆ। ਫਿਰ ਵੀ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਆਸਾਰ ਬਣੇ ਰਹਿਣਗੇ। ਦੂਜੇ ਪਾਸੇ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਵਿੱਚ ਮੌਸਮ ਆਮ ਤੌਰ ‘ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਤਾਪਮਾਨ ਵਿੱਚ ਆਈ ਕਮੀ, ਬਠਿੰਡਾ ਸਭ ਤੋਂ ਗਰਮ ਰਿਹਾ
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ ਵਿੱਚ 1.7 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ। ਮੌਜੂਦਾ ਤਾਪਮਾਨ ਆਮ ਨਾਲੋਂ 2.1 ਡਿਗਰੀ ਸੈਲਸੀਅਸ ਘੱਟ ਰਿਹਾ। ਸੂਬੇ ਵਿੱਚ ਸਭ ਤੋਂ ਵੱਧ ਵੱਧੋ-ਵੱਧ ਤਾਪਮਾਨ ਬਠਿੰਡਾ ਏਅਰਪੋਰਟ ‘ਤੇ 39.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਵੱਖ-ਵੱਖ ਸ਼ਹਿਰਾਂ ਦਾ ਵੱਧੋ-ਵੱਧ ਤਾਪਮਾਨ
ਚੰਡੀਗੜ੍ਹ ਸ਼ਹਿਰ ਵਿੱਚ 35.0 ਡਿਗਰੀ, ਚੰਡੀਗੜ੍ਹ ਏਅਰਪੋਰਟ 34.6 ਡਿਗਰੀ, ਅੰਮ੍ਰਿਤਸਰ 33.5 ਡਿਗਰੀ, ਲੁਧਿਆਣਾ 33.8 ਡਿਗਰੀ, ਪਟਿਆਲਾ 32.7 ਡਿਗਰੀ, ਗੁਰਦਾਸਪੁਰ 33.0 ਡਿਗਰੀ, ਹੁਸ਼ਿਆਰਪੁਰ 33.8 ਡਿਗਰੀ, ਮੁਹਾਲੀ 35.4 ਡਿਗਰੀ, ਮੋਗਾ 34.5 ਡਿਗਰੀ, ਸੰਗਰੂਰ 34.2 ਡਿਗਰੀ, ਫਿਰੋਜ਼ਪੁਰ 34.7 ਡਿਗਰੀ ਅਤੇ ਸ੍ਰੀ ਮੁਕਤਸਰ ਸਾਹਿਬ 36.2 ਡਿਗਰੀ ਵੱਧੋ-ਵੱਧ ਤਾਪਮਾਨ ਦਰਜ ਕੀਤਾ ਗਿਆ।
ਇਸ ਤੋਂ ਇਲਾਵਾ ਭਾਖੜਾ ਡੈਮ (ਰੂਪਨਗਰ) ਵਿੱਚ 36.3 ਡਿਗਰੀ, ਰੂਪਨਗਰ 34.4 ਡਿਗਰੀ, ਸਲੇਰਨ (ਹੁਸ਼ਿਆਰਪੁਰ) 34.5 ਡਿਗਰੀ, ਥੀਨ ਡੈਮ (ਪਠਾਨਕੋਟ) 34.6 ਡਿਗਰੀ ਅਤੇ ਬੱਲੋਵਾਲ ਸੌਂਖੜੀ (ਸ਼ਹੀਦ ਭਗਤ ਸਿੰਘ ਨਗਰ) ਵਿੱਚ 33.6 ਡਿਗਰੀ ਸੈਲਸੀਅਸ ਵੱਧੋ-ਵੱਧ ਤਾਪਮਾਨ ਦਰਜ ਕੀਤਾ ਗਿਆ।

