ਨਵੀਂ ਦਿੱਲੀ :- ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 28 ਸਾਲਾ ਨਵ-ਵਿਆਹੁਤਾ ਅਕ੍ਰਿਤੀ ਸੂਤਰ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਧੀ ਕਲੋਨੀ ਸਥਿਤ ਇੱਕ ਰਿਹਾਇਸ਼ੀ ਕੰਪਲੈਕਸ ਨੇੜੇ ਸ਼ਨੀਵਾਰ ਰਾਤ ਉਸ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਮ੍ਰਿਤਕਾ ਦੇ ਪਰਿਵਾਰ ਨੇ ਇਸ ਨੂੰ ਖੁਦਕੁਸ਼ੀ ਮੰਨਣ ਤੋਂ ਇਨਕਾਰ ਕਰਦਿਆਂ ਕਤਲ ਦਾ ਸ਼ੱਕ ਜਤਾਇਆ ਹੈ।
ਅੱਠ ਸਾਲਾਂ ਦੇ ਰਿਸ਼ਤੇ ਤੋਂ ਬਾਅਦ ਹੋਇਆ ਸੀ ਵਿਆਹ
ਜਾਣਕਾਰੀ ਅਨੁਸਾਰ ਅਕ੍ਰਿਤੀ ਸੂਤਰ ਦਾ ਵਿਆਹ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਅਰਸਤੂ ਸਿੱਕਾ ਨਾਲ ਹੋਇਆ ਸੀ। ਦੋਵੇਂ ਕਰੀਬ ਅੱਠ ਸਾਲਾਂ ਤੋਂ ਇੱਕ-ਦੂਜੇ ਨੂੰ ਜਾਣਦੇ ਸਨ। ਛੁੱਟੀਆਂ ਤੋਂ ਬਾਅਦ ਅਕ੍ਰਿਤੀ ਸ਼ਨੀਵਾਰ ਨੂੰ ਮੁੜ ਦਫ਼ਤਰ ਗਈ ਸੀ ਅਤੇ ਉੱਥੇ ਆਪਣੇ ਸਹਿਕਰਮੀਆਂ ਨਾਲ ਇੱਕ ਛੋਟਾ ਸਮਾਗਮ ਵੀ ਕੀਤਾ ਸੀ।
ਮਾਂ ਨਾਲ ਆਖ਼ਰੀ ਗੱਲਬਾਤ ਦੌਰਾਨ ਸੀ ਆਮ ਮਾਹੌਲ
ਪਰਿਵਾਰ ਦੇ ਅਨੁਸਾਰ ਸ਼ਾਮ ਸਮੇਂ ਅਕ੍ਰਿਤੀ ਨੇ ਆਪਣੀ ਮਾਂ ਨਾਲ ਫ਼ੋਨ ‘ਤੇ ਗੱਲ ਕੀਤੀ ਸੀ। ਗੱਲਬਾਤ ਦੌਰਾਨ ਉਹ ਬਿਲਕੁਲ ਸਧਾਰਨ ਅਤੇ ਖੁਸ਼ ਨਜ਼ਰ ਆ ਰਹੀ ਸੀ। ਉਸ ਨੇ ਦਫ਼ਤਰ ਵਿੱਚ ਹੋਏ ਇਕੱਠ ਬਾਰੇ ਦੱਸਿਆ ਅਤੇ ਇਹ ਵੀ ਕਿਹਾ ਕਿ ਉਹ ਘਰ ਵਾਪਸ ਜਾ ਰਹੀ ਹੈ।
ਕੁਝ ਘੰਟਿਆਂ ਬਾਅਦ ਆਈ ਮੌਤ ਦੀ ਖ਼ਬਰ
ਪਰਿਵਾਰ ਦਾ ਕਹਿਣਾ ਹੈ ਕਿ ਕੁਝ ਸਮੇਂ ਬਾਅਦ ਅਕ੍ਰਿਤੀ ਦੇ ਪਤੀ ਦਾ ਫ਼ੋਨ ਆਇਆ, ਜਿਸ ਵਿੱਚ ਉਸ ਨੇ ਦੱਸਿਆ ਕਿ ਅਕ੍ਰਿਤੀ ਦਾ ਕੋਈ ਪਤਾ ਨਹੀਂ ਲੱਗ ਰਿਹਾ। ਇਸ ਤੋਂ ਥੋੜ੍ਹੀ ਦੇਰ ਬਾਅਦ ਪੁਲਿਸ ਨੇ ਪਰਿਵਾਰ ਨਾਲ ਸੰਪਰਕ ਕਰਕੇ ਲੋਧੀ ਕਲੋਨੀ ਦੇ ਇੱਕ ਰਿਹਾਇਸ਼ੀ ਕੰਪਲੈਕਸ ਤੋਂ ਇੱਕ ਔਰਤ ਦੀ ਲਾਸ਼ ਮਿਲਣ ਦੀ ਸੂਚਨਾ ਦਿੱਤੀ। ਇਹ ਥਾਂ ਦੰਪਤੀ ਦੇ ਘਰ ਤੋਂ ਲਗਭਗ 10 ਕਿਲੋਮੀਟਰ ਦੂਰ ਦੱਸੀ ਜਾ ਰਹੀ ਹੈ।
ਪਰਿਵਾਰ ਨੇ ਦਾਜ਼ ਲਈ ਤੰਗ ਕਰਨ ਦੇ ਲਾਏ ਦੋਸ਼
ਮ੍ਰਿਤਕਾ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਵਿਆਹ ਤੋਂ ਬਾਅਦ ਅਕ੍ਰਿਤੀ ਨੂੰ ਦਾਜ਼ ਲਈ ਲਗਾਤਾਰ ਤੰਗ ਕੀਤਾ ਜਾਂਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪਤੀ ਅਤੇ ਉਸ ਦੇ ਪਰਿਵਾਰ ਵੱਲੋਂ ਵੱਡੀ ਰਕਮ ਦੀ ਮੰਗ ਕੀਤੀ ਜਾਂਦੀ ਸੀ ਅਤੇ ਇਸ ਗੱਲ ਨੂੰ ਲੈ ਕੇ ਘਰ ਵਿੱਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਘਟਨਾ ਤੋਂ ਕੁਝ ਦਿਨ ਪਹਿਲਾਂ ਵੀ ਦੋਵਾਂ ਵਿਚਾਲੇ ਗੰਭੀਰ ਤਕਰਾਰ ਹੋਈ ਸੀ ਅਤੇ ਪਤੀ ਵੱਲੋਂ ਪਹਿਲਾਂ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਸਨ।
ਭਰਾ ਨੇ ਖੁਦਕੁਸ਼ੀ ਦੀ ਸੰਭਾਵਨਾ ਨੂੰ ਕੀਤਾ ਰੱਦ
ਅਕ੍ਰਿਤੀ ਦੇ ਭਰਾ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ ‘ਤੇ ਮਜ਼ਬੂਤ ਸੀ ਅਤੇ ਨੌਕਰੀ ‘ਤੇ ਵਾਪਸੀ ਨੂੰ ਲੈ ਕੇ ਉਤਸ਼ਾਹਿਤ ਸੀ। ਇਸ ਲਈ ਪਰਿਵਾਰ ਨੂੰ ਵਿਸ਼ਵਾਸ ਨਹੀਂ ਕਿ ਉਹ ਖੁਦ ਆਪਣੀ ਜਾਨ ਲੈ ਸਕਦੀ ਹੈ।
ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਪੁਲਿਸ
ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਵੱਲੋਂ ਲਾਏ ਗਏ ਦੋਸ਼ਾਂ ਸਮੇਤ ਹਰ ਸੰਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਪੱਸ਼ਟਤਾ ਹੋ ਸਕੇਗੀ।

