ਜੰਮੂ :- ਸਾਲਾਨਾ ਅਮਰਨਾਥ ਯਾਤਰਾ ਨੂੰ ਲੈ ਕੇ ਵੀਰਵਾਰ ਸਵੇਰੇ ਪਹਿਲਾ ਸ਼ਰਧਾਲੂ ਜੱਥਾ ਜੰਮੂ ਦੇ ਭਗਵਤੀ ਨਗਰ ਸਥਿਤ ਬੇਸ ਕੈਂਪ ਤੋਂ ਰਵਾਨਾ ਹੋ ਗਿਆ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਹਰੀ ਝੰਡੀ ਦਿਖਾ ਕੇ ਯਾਤਰਾ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸ਼ਰਧਾਲੂਆਂ ਨੇ “ਬਮ ਬਮ ਭੋਲੇ” ਦੇ ਜੈਕਾਰਿਆਂ ਨਾਲ ਉਤਸ਼ਾਹਪੂਰਵਕ ਆਪਣਾ ਸਫ਼ਰ ਸ਼ੁਰੂ ਕੀਤਾ। ਇਹ ਜੱਥਾ ਸ਼ੁੱਕਰਵਾਰ ਨੂੰ ਪਵਿੱਤਰ ਗੁਫ਼ਾ ਵਿੱਚ ਬਾਬਾ ਬਰਫਾਨੀ ਦੇ ਦਰਸ਼ਨ ਕਰੇਗਾ।
ਦੋ ਮਾਰਗਾਂ ਰਾਹੀਂ ਚੱਲੇਗੀ ਯਾਤਰਾ
ਸਮੁੰਦਰ ਤਲ ਤੋਂ ਕਰੀਬ 3,880 ਮੀਟਰ ਦੀ ਉਚਾਈ ‘ਤੇ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਲਈ ਅਧਿਕਾਰਕ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਸ਼ਰਧਾਲੂਆਂ ਲਈ 48 ਕਿਲੋਮੀਟਰ ਲੰਬਾ ਪਹਿਲਗਾਮ ਮਾਰਗ ਅਤੇ 14 ਕਿਲੋਮੀਟਰ ਲੰਬਾ ਬਾਲਟਾਲ ਮਾਰਗ ਨਿਰਧਾਰਤ ਕੀਤਾ ਗਿਆ ਹੈ। ਇਹ ਧਾਰਮਿਕ ਯਾਤਰਾ 28 ਅਗਸਤ, ਰੱਖੜੀ ਦੇ ਦਿਨ ਤੱਕ ਜਾਰੀ ਰਹੇਗੀ।
ਰਜਿਸਟ੍ਰੇਸ਼ਨ ਅਤੇ ਪਛਾਣ ਪ੍ਰਕਿਰਿਆ ਲਾਜ਼ਮੀ
ਪਹਿਲੇ ਜੱਥੇ ਵਿੱਚ ਸਿਰਫ਼ ਉਹੀ ਸ਼ਰਧਾਲੂ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੇ ਪਹਿਲਾਂ ਹੀ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਈ, ਆਰਐੱਫਆਈਡੀ ਕਾਰਡ ਹਾਸਲ ਕੀਤਾ ਅਤੇ ਈ-ਕੇਵਾਈਸੀ ਦੀ ਪ੍ਰਕਿਰਿਆ ਪੂਰੀ ਕੀਤੀ। ਅਧਿਕਾਰਕ ਜਾਣਕਾਰੀ ਅਨੁਸਾਰ ਹੁਣ ਤੱਕ ਕਰੀਬ ਚਾਰ ਲੱਖ ਸ਼ਰਧਾਲੂ ਯਾਤਰਾ ਲਈ ਆਨਲਾਈਨ ਰਜਿਸਟਰ ਕਰਵਾ ਚੁੱਕੇ ਹਨ।
ਸੁਰੱਖਿਆ ਲਈ ਸਖ਼ਤ ਪ੍ਰਬੰਧ
ਯਾਤਰਾ ਨੂੰ ਸ਼ਾਂਤੀਪੂਰਵਕ ਅਤੇ ਸੁਰੱਖਿਅਤ ਢੰਗ ਨਾਲ ਸੰਪੰਨ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪੂਰੇ ਯਾਤਰਾ ਮਾਰਗ ‘ਤੇ ਆਧੁਨਿਕ ਡਰੋਨ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ, ਜਦਕਿ ਹਵਾਈ ਨਿਗਰਾਨੀ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਵੀ ਵਧਾਈ ਗਈ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

