ਦੁਪਹਿਰ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਵੇਗੀ ਬੈਠਕ
ਅੰਮ੍ਰਿਤਸਰ :- ਮੌਜੂਦਾ ਪੰਥਕ ਹਾਲਾਤ ਅਤੇ ਹਾਲ ਹੀ ਦੇ ਘਟਨਾਕ੍ਰਮ ‘ਤੇ ਵਿਚਾਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 27 ਜੂਨ ਨੂੰ ਵਿਸ਼ੇਸ਼ ਜਨਰਲ ਇਜਲਾਸ ਦੀ ਇਕੱਤਰਤਾ ਸੱਦੀ ਗਈ ਹੈ। ਇਹ ਬੈਠਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਦੁਪਹਿਰ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗੀ।
ਪੰਜ ਸਿੰਘ ਸਾਹਿਬਾਨ ਦੇ ਆਦੇਸ਼ਾਂ ‘ਤੇ ਹੋ ਸਕਦਾ ਹੈ ਵਿਚਾਰ
ਇਸ ਵਿਸ਼ੇਸ਼ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਆਦੇਸ਼ਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ। ਖ਼ਾਸ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦੇਣ ਸਬੰਧੀ ਜਾਰੀ ਫ਼ੈਸਲੇ ‘ਤੇ ਮੈਂਬਰਾਂ ਦੇ ਵਿਚਾਰ ਲਏ ਜਾ ਸਕਦੇ ਹਨ।
29 ਜੂਨ ਨੂੰ ਸੱਦੇ ਗਏ ਸਿੱਖ ਮੰਤਰੀਆਂ ਅਤੇ ਵਿਧਾਇਕਾਂ ਦੇ ਮਾਮਲੇ ‘ਤੇ ਵੀ ਹੋਵੇਗੀ ਚਰਚਾ
ਇਜਲਾਸ ਦੌਰਾਨ ਸਤਿਕਾਰ ਸੋਧ ਐਕਟ ਨਾਲ ਜੁੜੇ ਮਾਮਲੇ ਵਿੱਚ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਤਲਬ ਕੀਤੇ ਗਏ ਸਿੱਖ ਮੰਤਰੀਆਂ ਅਤੇ ਵਿਧਾਇਕਾਂ ਦੇ ਮਾਮਲੇ ‘ਤੇ ਵੀ ਵਿਚਾਰ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਮੌਜੂਦਾ ਪੰਥਕ ਹਾਲਾਤ ਨਾਲ ਸਬੰਧਤ ਹੋਰ ਅਹਿਮ ਮੁੱਦਿਆਂ ਨੂੰ ਵੀ ਬੈਠਕ ਦੇ ਏਜੰਡੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

