ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਇੱਕ ਵਾਰ ਫਿਰ ਬਦਲਦਾ ਨਜ਼ਰ ਆ ਸਕਦਾ ਹੈ। ਮੌਸਮ ਵਿਭਾਗ ਨੇ ਸੂਬੇ ਦੇ ਕਈ ਹਿੱਸਿਆਂ ਵਿੱਚ ਗਰਜ-ਚਮਕ, ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਅਨੁਸਾਰ ਕੁਝ ਥਾਵਾਂ ‘ਤੇ ਹਵਾਵਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
ਤਾਪਮਾਨ ਵਿੱਚ ਦਰਜ ਹੋਇਆ ਵਾਧਾ
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 2.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਪਟਿਆਲਾ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 38.8 ਡਿਗਰੀ ਸੈਲਸੀਅਸ ਮਾਪਿਆ ਗਿਆ।
ਕਈ ਜ਼ਿਲ੍ਹਿਆਂ ਲਈ ਜਾਰੀ ਕੀਤੀ ਗਈ ਚੇਤਾਵਨੀ
ਵਿਭਾਗ ਨੇ ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਵਿੱਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਇਸ ਤੋਂ ਇਲਾਵਾ ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਜਲੰਧਰ, ਮੋਗਾ ਅਤੇ ਰੂਪਨਗਰ ਸਮੇਤ ਹੋਰ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਆਸਾਰ ਬਣੇ ਹੋਏ ਹਨ।
ਮਹੀਨੇ ਦੇ ਅਖੀਰ ਤੱਕ ਦਸਤਕ ਦੇ ਸਕਦਾ ਹੈ ਮਾਨਸੂਨ
ਮੌਸਮ ਮਾਹਿਰਾਂ ਦਾ ਅਨੁਮਾਨ ਹੈ ਕਿ ਮਾਨਸੂਨ 25 ਤੋਂ 30 ਜੂਨ ਦਰਮਿਆਨ ਪੰਜਾਬ ਵਿੱਚ ਦਾਖਲ ਹੋ ਸਕਦਾ ਹੈ। ਸੂਬੇ ਦੇ ਵੱਡੇ ਸ਼ਹਿਰਾਂ ਵਿੱਚ ਅੰਮ੍ਰਿਤਸਰ ਵਿੱਚ ਸਭ ਤੋਂ ਪਹਿਲਾਂ ਮਾਨਸੂਨੀ ਬਾਰਿਸ਼ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਦਕਿ ਦੱਖਣੀ ਇਲਾਕਿਆਂ ਵਿੱਚ ਇਸ ਦੀ ਆਮਦ ਕੁਝ ਦੇਰ ਨਾਲ ਹੋ ਸਕਦੀ ਹੈ।
ਚੰਡੀਗੜ੍ਹ ਵਿੱਚ ਵੀ ਮਾਨਸੂਨੀ ਸਰਗਰਮੀਆਂ ਦੇ ਸੰਕੇਤ
ਚੰਡੀਗੜ੍ਹ ਵਿੱਚ ਮਾਨਸੂਨ ਦੇ 27 ਤੋਂ 30 ਜੂਨ ਦਰਮਿਆਨ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ 28 ਅਤੇ 29 ਜੂਨ ਦੇ ਆਸ-ਪਾਸ ਸ਼ਹਿਰ ਵਿੱਚ ਮਾਨਸੂਨੀ ਮੀਂਹ ਦਾ ਦੌਰ ਸ਼ੁਰੂ ਹੋ ਸਕਦਾ ਹੈ।
ਦੋ ਮੌਸਮੀ ਪ੍ਰਣਾਲੀਆਂ ਦਾ ਦਿਖ ਰਿਹਾ ਅਸਰ
ਮੌਸਮ ਮਾਹਿਰਾਂ ਅਨੁਸਾਰ ਇਸ ਵੇਲੇ ਪੰਜਾਬ ਦੇ ਨੇੜਲੇ ਖੇਤਰਾਂ ਵਿੱਚ ਦੋ ਮੌਸਮੀ ਪ੍ਰਣਾਲੀਆਂ ਸਰਗਰਮ ਹਨ। ਇੱਕ ਪ੍ਰਣਾਲੀ ਉੱਤਰ ਪ੍ਰਦੇਸ਼ ਵੱਲ ਵਧ ਰਹੀ ਹੈ, ਜਦਕਿ ਦੂਜੀ ਹਰਿਆਣਾ ਖੇਤਰ ਉੱਤੇ ਪ੍ਰਭਾਵੀ ਹੈ। ਇਨ੍ਹਾਂ ਕਾਰਨਾਂ ਕਰਕੇ ਬੱਦਲਵਾਈ, ਤੇਜ਼ ਹਵਾਵਾਂ ਅਤੇ ਛਿੱਟੇ ਪੈਣ ਦੀ ਸਥਿਤੀ ਬਣੀ ਹੋਈ ਹੈ।
26 ਅਤੇ 29 ਜੂਨ ਦੇ ਆਸ-ਪਾਸ ਮੀਂਹ ਦੇ ਵਧੇਰੇ ਆਸਾਰ
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ 26 ਜੂਨ ਅਤੇ ਇਸ ਤੋਂ ਬਾਅਦ 29 ਜੂਨ ਦੇ ਨੇੜੇ-ਤੇੜੇ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਦਰਜ ਕੀਤਾ ਜਾ ਸਕਦਾ ਹੈ। ਅਗਲੇ ਕੁਝ ਦਿਨਾਂ ਦੌਰਾਨ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਵਾਧਾ ਹੋ ਸਕਦਾ ਹੈ, ਹਾਲਾਂਕਿ ਤੇਜ਼ ਹਵਾਵਾਂ ਅਤੇ ਬਦਲਦੇ ਮੌਸਮ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ।

