ਚੰਡੀਗੜ੍ਹ :- ਪੰਜਾਬ ਪੁਲਿਸ ਦੇ ਸਾਬਕਾ ਮੁਖੀ ਅਤੇ ਸੂਬੇ ਦੇ ਪਹਿਲੇ ਦਲਿਤ ਡੀ.ਜੀ.ਪੀ. ਸੂਬੇ ਸਿੰਘ ਦਾ ਸ਼ਨੀਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਉਮਰ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਨ੍ਹਾਂ ਨੇ ਮੋਹਾਲੀ ਵਿਖੇ ਆਖਰੀ ਸਾਹ ਲਿਆ, ਜਦਕਿ ਅੱਜ ਪਰਿਵਾਰਕ ਮੈਂਬਰਾਂ ਅਤੇ ਸ਼ੁਭਚਿੰਤਕਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਅੱਠ ਮਹੀਨਿਆਂ ਦੇ ਕਾਰਜਕਾਲ ਦੌਰਾਨ ਛੱਡੀ ਵਿਲੱਖਣ ਛਾਪ
ਸੂਬੇ ਸਿੰਘ ਨੇ ਜੁਲਾਈ 1996 ਤੋਂ ਫਰਵਰੀ 1997 ਤੱਕ ਪੰਜਾਬ ਪੁਲਿਸ ਦੀ ਅਗਵਾਈ ਕੀਤੀ। ਭਾਵੇਂ ਉਨ੍ਹਾਂ ਦਾ ਕਾਰਜਕਾਲ ਲੰਮਾ ਨਹੀਂ ਰਿਹਾ, ਪਰ ਪ੍ਰਸ਼ਾਸਨਿਕ ਸਮਰੱਥਾ, ਅਨੁਸ਼ਾਸਨ ਅਤੇ ਨਿਰਪੱਖ ਕਾਰਜਸ਼ੈਲੀ ਕਾਰਨ ਉਨ੍ਹਾਂ ਨੂੰ ਵਿਸ਼ੇਸ਼ ਪਛਾਣ ਮਿਲੀ। ਸੇਵਾਮੁਕਤੀ ਤੋਂ ਬਾਅਦ ਵੀ ਉਹ ਜਨਤਕ ਮਾਮਲਿਆਂ ਨਾਲ ਜੁੜੇ ਰਹੇ ਅਤੇ 2014 ਵਿੱਚ ਪੰਜਾਬ ਪੁਲਿਸ ਸ਼ਿਕਾਇਤ ਅਥਾਰਟੀ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ। ਉਨ੍ਹਾਂ ਦੇ ਦਿਹਾਂਤ ਨਾਲ ਪ੍ਰਸ਼ਾਸਨਿਕ ਅਤੇ ਸਮਾਜਿਕ ਖੇਤਰ ਨੂੰ ਵੱਡਾ ਘਾਟਾ ਪਿਆ ਹੈ।

