Homeਸਰਕਾਰੀ ਖ਼ਬਰਾਂਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ: 15 ਕਰੋੜ ਭਾਰਤੀਆਂ ਨੂੰ ਮਾਨਸਿਕ ਸਿਹਤ ਸਹਾਇਤਾ...

ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ: 15 ਕਰੋੜ ਭਾਰਤੀਆਂ ਨੂੰ ਮਾਨਸਿਕ ਸਿਹਤ ਸਹਾਇਤਾ ਦੀ ਲੋੜ

WhatsApp Group Join Now
WhatsApp Channel Join Now

ਪੰਜਾਬ ਵਿੱਚ ਮਾਨਸਿਕ ਰੋਗਾਂ ਦੇ ਮੁਫ਼ਤ ਇਲਾਜ ਦੀ ਮਿਲ ਰਹੀ ਹੈ ਸਹੂਲਤ

ਚੰਡੀਗੜ੍ਹ : ’ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਉਪਲੱਬਧ ਕੈਸ਼ਲੈੱਸ ਸਿਹਤ ਕਵਰੇਜ ਕਾਰਨ ਪੰਜਾਬ ਵਿੱਚ ਹੁਣ ਵੱਧ ਲੋਕ ਮਾਨਸਿਕ ਸਿਹਤ ਨਾਲ ਸਬੰਧਿਤ ਬੀਮਾਰੀਆਂ ਦਾ ਇਲਾਜ ਕਰਵਾ ਰਹੇ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਇਲਾਜ ਵਿੱਚ ਆਉਣ ਵਾਲੀਆਂ ਆਰਥਿਕ ਰੁਕਾਵਟਾਂ ਨੂੰ ਘਟਾਉਣਾ ਅਤੇ ਲੋਕਾਂ ਨੂੰ ਸਮੇਂ ਸਿਰ ਇਲਾਜ ਲਈ ਪ੍ਰੇਰਿਤ ਕਰਨਾ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸਿਜ਼ੋਫਰੀਨੀਆ, ਡਿਪ੍ਰੈਸ਼ਨ, ਬਾਈਪੋਲਰ ਡਿਸਆਰਡਰ, ਐਂਜ਼ਾਇਟੀ ਡਿਸਆਰਡਰ, ਤਣਾਅ ਨਾਲ ਜੁੜੀਆਂ ਸਮੱਸਿਆਵਾਂ ਅਤੇ ਨਸ਼ਾਖ਼ੋਰੀ ਨਾਲ ਸਬੰਧਿਤ ਮਾਨਸਿਕ ਸਿਹਤ ਸਥਿਤੀਆਂ ਸਮੇਤ ਕਈ ਮਾਨਸਿਕ ਰੋਗਾਂ ਦਾ ਇਲਾਜ ਸ਼ਾਮਲ ਹੈ। ਉਨ੍ਹਾਂ ਕਿਹਾ ,‘‘ਸਰਕਾਰੀ ਹਸਪਤਾਲਾਂ ਵਿੱਚ ਇਲੈਕਟ੍ਰੋਕਨਵਲਸਿਵ ਥੈਰੇਪੀ (ਈਸੀਟੀ), ਟ੍ਰਾਂਸਕ੍ਰੇਨੀਅਲ ਮੈਗਨੈਟਿਕ ਸਟੀਮੂਲੇਸ਼ਨ ਵਰਗੀਆਂ ਉੱਨਤ ਇਲਾਜ ਸਹੂਲਤਾਂ ਅਤੇ ਲੋੜੀਂਦੀਆਂ ਜਾਂਚ ਵਿਧੀਆਂ ਵੀ ਮਨਜ਼ੂਰਸ਼ੁਦਾ ਪੈਕੇਜ ਹੇਠ ਕਵਰ ਕੀਤੀ ਜਾਂਦੀਆਂ  ਹਨ।

ਭਾਰਤ ਵਿੱਚ ਮਾਨਸਿਕ ਸਿਹਤ ਅੱਜ ਵੀ ਇੱਕ ਗੰਭੀਰ ਜਨ ਸਿਹਤ ਚੁਣੌਤੀ ਬਣੀ ਹੋਈ ਹੈ। ਵਿਸ਼ਵ ਸਿਹਤ ਸੰਗਠਨ ਅਤੇ ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ (ਨਿਮਹਾਂਸ, 2016) ਅਨੁਸਾਰ ਦੇਸ਼ ਵਿੱਚ ਲਗਭਗ 15 ਤੋਂ 20 ਕਰੋੜ ਲੋਕ ਡਿਪ੍ਰੈਸ਼ਨ, ਐਂਜ਼ਾਇਟੀ ਅਤੇ ਹੋਰ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਹਾਲਾਂਕਿ ਸਮਾਜ ਦੇ ਨਕਾਰਾਤਮਕ ਦ੍ਰਿਸ਼ਟੀਕੋਣ , ਜਾਗਰੂਕਤਾ ਦੀ ਘਾਟ ਅਤੇ ਖ਼ਾਸ ਕਰਕੇ ਪੇਂਡੂ ਅਤੇ ਨੀਮ-ਸ਼ਹਿਰੀ ਖੇਤਰਾਂ ਵਿੱਚ ਮਾਨਸਿਕ ਸਿਹਤ ਮਾਹਿਰਾਂ ਦੀ ਕਮੀ ਕਾਰਨ ਬਹੁਤ ਸਾਰੇ ਲੋਕ ਹਾਲੇ ਵੀ ਸਮੇਂ ਸਿਰ ਇਲਾਜ ਨਹੀਂ ਕਰਵਾ ਸਕਦੇ।

ਡਾ. ਬਲਬੀਰ ਸਿੰਘ ਨੇ ਕਿਹਾ, “ਮਾਨਸਿਕ ਸਿਹਤ ਨੂੰ ਸਰੀਰਕ ਸਿਹਤ ਦੇ ਬਰਾਬਰ ਤਰਜੀਹ ਮਿਲਣੀ ਚਾਹੀਦੀ ਹੈ। ਡਿਪ੍ਰੈਸ਼ਨ, ਸਿਜ਼ੋਫਰੀਨੀਆ, ਬਾਈਪੋਲਰ ਡਿਸਆਰਡਰ ਅਤੇ ਐਂਜ਼ਾਇਟੀ ਵਰਗੀਆਂ ਬੀਮਾਰੀਆਂ ਦਾ ਪ੍ਰਭਾਵੀ ਇਲਾਜ ਸੰਭਵ ਹੈ, ਇਸ ਲਈ ਲੋਕਾਂ ਨੂੰ ਮਾਹਿਰ ਸਹਾਇਤਾ ਲੈਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਵਧਦੀ ਜਾਗਰੂਕਤਾ, ਸੇਵਾਵਾਂ ਦੀ ਬਿਹਤਰ ਉਪਲੱਬਧਤਾ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਸ਼ਲੈੱਸ ਇਲਾਜ ਦੀ ਸਹੂਲਤ ਕਾਰਨ ਵੱਧ ਮਰੀਜ਼ ਬੀਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਹੀ ਇਲਾਜ ਲਈ ਅੱਗੇ ਆ ਰਹੇ ਹਨ, ਜਿਸ ਨਾਲ ਰੋਗ ਦੀ ਪਛਾਣ ਅਤੇ ਇਲਾਜ ਵਿੱਚ ਹੋਣ ਵਾਲੀ ਦੇਰੀ ਘਟ ਰਹੀ ਹੈ।”

ਉਨ੍ਹਾਂ ਮਾਨਸਿਕ ਸਿਹਤ ਨਾਲ ਸਬੰਧਿਤ ਲੱਛਣ ਮਹਿਸੂਸ ਕਰਨ ਵਾਲੇ ਲੋਕਾਂ ਨੂੰ ਸਮੇਂ ਸਿਰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਲਾਜ ਕਰਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸ਼ੁਰੂਆਤੀ ਇਲਾਜ ਨਾਲ ਲੰਬੇ ਸਮੇਂ ਦੀਆਂ ਪੇਚੀਦਗੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ,‘‘ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਉਪਲੱਬਧ 2300 ਪ੍ਰਕਿਰਿਆਵਾਂ ਵਿੱਚੋਂ 81 ਪ੍ਰਕਿਰਿਆਵਾਂ ਮਾਨਸਿਕ ਸਿਹਤ ਸਬੰਧੀ ਪੈਕੇਜ ਲਈ ਰਾਖਵੀਆਂ ਹਨ।’’

ਡਾ. ਸਿੰਘ ਨੇ ਇਹ ਵੀ ਸਾਂਝਾ ਕੀਤਾ, “ਤਣਾਅ, ਡਿਪ੍ਰੈਸ਼ਨ ਅਤੇ ਐਂਜ਼ਾਇਟੀ ਵਰਗੀਆਂ ਸਮੱਸਿਆਵਾਂ ਅਕਸਰ ਸਾਡੀ ਰੋਜ਼ਾਨਾ ਦੀ ਜੀਵਨਸ਼ੈਲੀ  ਨਾਲ ਜੁੜੀਆਂ ਹੁੰਦੀਆਂ ਹਨ। ‘ ਸੀਐਮ ਦੀ ਯੋਗਸ਼ਾਲਾ’ ਰਾਹੀਂ ਅਸੀਂ ਯੋਗ ਨੂੰ ਮਾਨਸਿਕ ਸਿਹਤ, ਜਜ਼ਬਾਤਾਂ ਦੇ ਸੰਤੁਲਨ ਅਤੇ ਸਿਹਤਮੰਦ ਜੀਵਨ ਲਈ ਇੱਕ ਪ੍ਰਭਾਵੀ ਸਾਧਨ ਵਜੋਂ ਉਤਸ਼ਾਹਿਤ ਕਰ ਰਹੇ ਹਾਂ। ਸ਼ਾਂਤ ਮਨ ਹੀ ਤੰਦਰੁਸਤ ਦਿਲ ਦਾ ਅਧਾਰ ਹੁੰਦਾ ਹੈ ਅਤੇ ਅਸੀਂ ਸਭ ਮਿਲ ਕੇ ਇੱਕ ਸਿਹਤਮੰਦ ਪੰਜਾਬ ਦਾ ਨਿਰਮਾਣ ਕਰ ਰਹੇ ਹਾਂ।’’”

ਰਾਜ ਸਿਹਤ ਏਜੰਸੀ (ਐਸਐਚਏ), ਪੰਜਾਬ ਦੇ ਅੰਕੜਿਆਂ ਅਨੁਸਾਰ ਹੁਣ ਤੱਕ 457 ਲਾਭਪਾਤਰੀ ਸਰਕਾਰੀ ਹਸਪਤਾਲਾਂ ਵਿੱਚ ਮਾਨਸਿਕ ਸਿਹਤ ਪੈਕੇਜਾਂ ਤਹਿਤ ਇਲਾਜ  ਕਰਵਾ ਚੁੱਕੇ ਹਨ। ਇਨ੍ਹਾਂ ਸੇਵਾਵਾਂ ਅਧੀਨ ਹੁਣ ਤੱਕ ਲਗਭਗ 55 ਲੱਖ ਰੁਪਏ ਦੇ ਦਾਵਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।

ਸਿਵਲ ਹਸਪਤਾਲ, ਬਰਨਾਲਾ ਦੇ ਸਲਾਹਕਾਰ ਮਨੋਚਿਕਿਤਸਕ ਡਾ. ਗਗਨਦੀਪ ਸੇਖੋਂ ਨੇ ਦੱਸਿਆ ਕਿ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਹੌਲੀ-ਹੌਲੀ ਵਧ ਰਹੀ ਹੈ। ਉਨ੍ਹਾਂ ਕਿਹਾ, “ਲੋਕ ਹੁਣ ਇਹ ਸਮਝਣ ਲੱਗੇ ਹਨ ਕਿ ਮਾਨਸਿਕ ਸਿਹਤ ਸਬੰਧੀ ਬੀਮਾਰੀਆਂ ਵੀ ਹੋਰ ਸਰੀਰਕ ਬੀਮਾਰੀਆਂ ਵਾਂਗ ਹੀ ਹਨ ਅਤੇ ਇਨ੍ਹਾਂ ਲਈ ਸਮੇਂ ਸਿਰ ਇਲਾਜ ਜ਼ਰੂਰੀ ਹੈ। ਪਹਿਲਾਂ ਸਮਾਜਿਕ ਬਦਨਾਮੀ ਅਤੇ ਆਰਥਿਕ ਤੰਗੀਆਂ ਕਾਰਨ ਲੋਕ ਮਦਦ ਲੈਣ ਤੋਂ ਕਤਰਾਉਂਦੇ ਸਨ।”

ਡਾ. ਗਗਨਦੀਪ ਸੇਖੋਂ ਨੇ ਦੱਸਿਆ ਕਿ ਅਕਾਦਮਿਕ ਸਿੱਖਿਆ ਦਾ ਦਬਾਅ, ਰੋਜ਼ਗਾਰ ਦੀ ਅਨਿਸ਼ਚਿਤਤਾ, ਆਰਥਿਕ ਤਣਾਅ, ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਅਤੇ ਸਮਾਜਿਕ ਸਹਿਯੋਗ ਦੀ ਘਾਟ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਕਾਰਨ ਹਨ। ਉਨ੍ਹਾਂ ਕਿਹਾ, “18 ਤੋਂ 45 ਸਾਲ ਉਮਰ ਵਰਗ ਦੇ ਲੋਕ ਖ਼ਾਸ ਤੌਰ ’ਤੇ ਵੱਧ ਸੰਵੇਦਨਸ਼ੀਲ ਹਨ ਕਿਉਂਕਿ ਉਹ ਜੀਵਨ ਦੇ ਕਈ ਮਹੱਤਵਪੂਰਨ ਬਦਲਾਵਾਂ ਵਿੱਚੋਂ ਲੰਘ ਰਹੇ ਹੁੰਦੇ ਹਨ। ਉਚੇਰੀ ਸਿੱਖਿਆ ਦਾ ਦਬਾਅ, ਰੁਜ਼ਗਾਰ ਦੀ ਅਨਿਸ਼ਚਿਤਤਾ, ਕੰਮਕਾਜ ਵਾਲੀ ਥਾਂ ਦਾ ਤਣਾਅ, ਰਿਸ਼ਤਿਆਂ ਨਾਲ ਜੁੜੀਆਂ ਚੁਣੌਤੀਆਂ ਅਤੇ ਵਧਦੀਆਂ ਆਰਥਿਕ ਜ਼ਿੰਮੇਵਾਰੀਆਂ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਕਰਦੀਆਂ ਹਨ।”

ਉਨ੍ਹਾਂ ਅੱਗੇ ਕਿਹਾ ਕਿ ਤੇਜ਼ ਰਫ਼ਤਾਰ ਜੀਵਨਸ਼ੈਲੀ,  ਘਟ ਰਿਹਾ ਪਰਿਵਾਰਕ ਮੇਲ-ਜੋਲ, ਡਿਜ਼ੀਟਲ ਮਾਧਿਅਮਾਂ ਦੀ ਲਗਾਤਾਰ ਵਧ ਰਹੀ ਵਰਤੋਂ ਅਤੇ ਕੰਮਕਾਜ ਨਾਲ ਜੁੜਿਆ ਤਣਾਅ ਮਾਨਸਿਕ ਸਿਹਤ ਸਮੱਸਿਆਵਾਂ ਵਿੱਚ ਵਾਧੇ ਦੇ ਮੁੱਖ ਕਾਰਨ ਬਣ ਰਹੇ ਹਨ। ਉਨ੍ਹਾਂ ਕਿਹਾ, “ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ ਕਿਉਂਕਿ ਉਹ ਇੱਕੋ ਸਮੇਂ ਸਿੱਖਿਆ, ਰੁਜ਼ਗਾਰ, ਰਿਸ਼ਤਿਆਂ ਅਤੇ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੇ ਹੁੰਦੇ ਹਨ, ਜਦਕਿ ਉਨ੍ਹਾਂ ਕੋਲ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਲੋੜੀਂਦੇ ਸਾਧਨ ਜ਼ਿਆਦਾਤਰ ਉਪਲੱਬਧ ਨਹੀਂ ਹੁੰਦੇ।”

ਡਾ. ਗਗਨਦੀਪ ਸੇਖੋਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਉਪਲੱਬਧ ਕੈਸ਼ਲੈੱਸ ਇਲਾਜ ਸਹੂਲਤ ਨੇ ਹੋਰ ਵੱਧ ਲੋਕਾਂ ਨੂੰ ਹਸਪਤਾਲਾਂ ਵਿੱਚ ਸਲਾਹ ਅਤੇ ਇਲਾਜ ਲਈ ਆਉਣ ਵਾਸਤੇ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ, “ਸਮੇਂ ਸਿਰ ਦਖ਼ਲ ਬਿਹਤਰ ਨਤੀਜੇ ਯਕੀਨੀ ਬਣਾਉਣ ਅਤੇ ਪੇਚੀਦਗੀਆਂ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ।”’’

ਐਨਕਾਊਂਟਰ ਨਿਊਜ਼ ਉੱਤੇ ਸਾਰੀ ਖ਼ਬਰਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਤੀਜੇ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸਲਈ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ। ਕਿਸੇ ਵੀ ਸਮੱਸਿਆ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। 

Encounter News
Encounter News
ਖ਼ਬਰਾਂ ਦੀ ਖਿੜਕੀ
ਤਾਜ਼ਾ ਖਬਰਾਂ

LEAVE A REPLY

Please enter your comment!
Please enter your name here

Most Popular

Lifestyle