ਚੰਡੀਗੜ੍ਹ :- ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪੋਲਿੰਗ ਕੇਂਦਰਾਂ ‘ਤੇ ਪਹੁੰਚਦੇ ਰਹੇ। ਭਾਵੇਂ ਗਰਮੀ ਨੇ ਲੋਕਾਂ ਨੂੰ ਕਾਫ਼ੀ ਪਰੇਸ਼ਾਨ ਕੀਤਾ, ਫਿਰ ਵੀ ਮਹਿਲਾਵਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਚੋਣ ਪ੍ਰਕਿਰਿਆ ਵਿੱਚ ਪੂਰੇ ਜੋਸ਼ ਨਾਲ ਹਿੱਸਾ ਲਿਆ।
ਸੁਨਾਮ ‘ਚ ਗਰਮੀ ਕਾਰਨ ਦੋ ਮਹਿਲਾਵਾਂ ਹੋਈਆਂ ਬੇਹੋਸ਼
ਚੋਣਾਂ ਦੌਰਾਨ ਸੁਨਾਮ ਤੋਂ ਇੱਕ ਚਿੰਤਾਜਨਕ ਘਟਨਾ ਸਾਹਮਣੇ ਆਈ, ਜਿੱਥੇ ਤਿੱਖੀ ਧੁੱਪ ਅਤੇ ਵੱਧ ਰਹੇ ਤਾਪਮਾਨ ਕਾਰਨ ਦੋ ਮਹਿਲਾਵਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਜਾਣਕਾਰੀ ਮੁਤਾਬਕ ਵਾਰਡ ਨੰਬਰ 8 ਅਤੇ ਵਾਰਡ ਨੰਬਰ 17 ਵਿੱਚ ਵੋਟ ਪਾਉਣ ਲਈ ਪਹੁੰਚੀਆਂ ਦੋ ਮਹਿਲਾਵਾਂ ਬੇਹੋਸ਼ ਹੋ ਗਈਆਂ। ਮੌਕੇ ‘ਤੇ ਮੌਜੂਦ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਨ੍ਹਾਂ ਨੂੰ ਸੰਭਾਲਿਆ ਅਤੇ ਛਾਂ ਵਿੱਚ ਬਿਠਾ ਕੇ ਪਾਣੀ ਪਿਲਾਇਆ।
ਗਰਮੀ ਕਾਰਨ ਵੋਟਰਾਂ ਨੂੰ ਆਈਆਂ ਮੁਸ਼ਕਲਾਂ
ਪੋਲਿੰਗ ਕੇਂਦਰਾਂ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲਗਾਤਾਰ ਵਧ ਰਹੀ ਗਰਮੀ ਕਾਰਨ ਕਈ ਵੋਟਰ ਪਰੇਸ਼ਾਨ ਨਜ਼ਰ ਆਏ। ਖ਼ਾਸ ਕਰਕੇ ਬਜ਼ੁਰਗ ਅਤੇ ਬਿਮਾਰ ਲੋਕਾਂ ਨੂੰ ਲੰਬੇ ਸਮੇਂ ਤੱਕ ਕਤਾਰਾਂ ਵਿੱਚ ਖੜ੍ਹੇ ਰਹਿਣ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਸਿਹਤ ਸਹੂਲਤਾਂ ਨੂੰ ਲੈ ਕੇ ਲੋਕਾਂ ਨੇ ਚੁੱਕੇ ਸਵਾਲ
ਕਈ ਵੋਟਰਾਂ ਨੇ ਦੋਸ਼ ਲਗਾਇਆ ਕਿ ਪੋਲਿੰਗ ਬੂਥਾਂ ‘ਤੇ ਐਮਰਜੈਂਸੀ ਸਹੂਲਤਾਂ ਦੀ ਘਾਟ ਰਹੀ। ਲੋਕਾਂ ਦਾ ਕਹਿਣਾ ਸੀ ਕਿ ਨਾ ਤਾਂ ਐਂਬੂਲੈਂਸ ਦੀ ਢੰਗ ਨਾਲ ਵਿਵਸਥਾ ਕੀਤੀ ਗਈ ਅਤੇ ਨਾ ਹੀ ਬਜ਼ੁਰਗਾਂ ਜਾਂ ਦਿਵਿਆਂਗ ਵੋਟਰਾਂ ਲਈ ਵ੍ਹੀਲਚੇਅਰ ਉਪਲਬਧ ਕਰਵਾਈ ਗਈ। ਉਨ੍ਹਾਂ ਮੰਗ ਕੀਤੀ ਕਿ ਭਵਿੱਖ ਵਿੱਚ ਚੋਣਾਂ ਦੌਰਾਨ ਗਰਮੀ ਅਤੇ ਸਿਹਤ ਸੰਬੰਧੀ ਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਵਧੀਆ ਪ੍ਰਬੰਧ ਕੀਤੇ ਜਾਣ।

