ਚੰਡੀਗੜ੍ਹ :- ਪੰਜਾਬ ਦੇ ਸਕੂਲਾਂ ਵਿੱਚ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਸਮੇਂ ਤੋਂ ਪਹਿਲਾਂ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਿੱਖਿਆ ਮਹਿਕਮੇ ਨਾਲ ਜੁੜੇ ਸੂਤਰਾਂ ਅਨੁਸਾਰ 15 ਮਈ ਤੋਂ ਬਾਅਦ ਕਿਸੇ ਵੀ ਵੇਲੇ ਛੁੱਟੀਆਂ ਸਬੰਧੀ ਫੈਸਲਾ ਲਿਆ ਜਾ ਸਕਦਾ ਹੈ। ਹਾਲਾਂਕਿ ਸਰਕਾਰ ਜਾਂ ਸਿੱਖਿਆ ਵਿਭਾਗ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।
ਕੌਮਾਂਤਰੀ ਹਾਲਾਤਾਂ ਦਾ ਪੈ ਸਕਦਾ ਹੈ ਅਸਰ
ਈਰਾਨ ਅਤੇ ਅਮਰੀਕਾ ਵਿਚਕਾਰ ਬਣੇ ਤਣਾਅਪੂਰਨ ਮਾਹੌਲ ਅਤੇ ਉਸ ਕਾਰਨ ਉਭਰ ਰਹੇ ਆਰਥਿਕ ਪ੍ਰਭਾਵਾਂ ਨੂੰ ਦੇਖਦਿਆਂ ਦੇਸ਼ ਭਰ ਵਿੱਚ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਪਿਛੋਕੜ ਵਿੱਚ ਦੇਸ਼ ਦੇ ਕੁਝ ਸੂਬਿਆਂ ਵਿੱਚ ਸਕੂਲਾਂ ਲਈ ਆਨਲਾਈਨ ਕਲਾਸਾਂ ਜਾਂ ਛੁੱਟੀਆਂ ਪਹਿਲਾਂ ਕਰਨ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦੇ ਕਦਮ ਚੁੱਕੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਆਮ ਤੌਰ ’ਤੇ ਮਈ ਦੇ ਅਖੀਰ ਵਿੱਚ ਹੁੰਦਾ ਹੈ ਫੈਸਲਾ
ਪੰਜਾਬ ਵਿੱਚ ਹਰ ਸਾਲ ਆਮ ਤੌਰ ’ਤੇ 20 ਤੋਂ 25 ਮਈ ਦਰਮਿਆਨ ਗਰਮੀਆਂ ਦੀਆਂ ਛੁੱਟੀਆਂ ਸਬੰਧੀ ਐਲਾਨ ਕੀਤਾ ਜਾਂਦਾ ਹੈ। ਪਰ ਇਸ ਵਾਰ ਹਾਲਾਤ ਵੱਖਰੇ ਹੋਣ ਕਾਰਨ ਸਿੱਖਿਆ ਵਿਭਾਗ ਪਹਿਲਾਂ ਹੀ ਯੋਜਨਾਬੰਦੀ ਕਰਦਾ ਨਜ਼ਰ ਆ ਰਿਹਾ ਹੈ। ਜੇਕਰ ਕੇਂਦਰ ਸਰਕਾਰ ਵੱਲੋਂ ਕੋਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਸਕੂਲਾਂ ਵਿੱਚ ਆਨਲਾਈਨ ਪੜ੍ਹਾਈ ਦਾ ਵਿਕਲਪ ਵੀ ਅਪਣਾਇਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਕੀਤੀ ਸੀ ਆਨਲਾਈਨ ਪ੍ਰਬੰਧਾਂ ਦੀ ਗੱਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਆਪਣੇ ਸੰਬੋਧਨ ਦੌਰਾਨ ਕੋਵਿਡ ਸਮੇਂ ਅਪਣਾਏ ਗਏ ਪ੍ਰਬੰਧਾਂ ਨੂੰ ਦੁਬਾਰਾ ਵਰਤਣ ਦੀ ਲੋੜ ’ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਘਰੋਂ ਕੰਮ, ਆਨਲਾਈਨ ਕਲਾਸਾਂ, ਵੀਡੀਓ ਕਾਨਫਰੰਸਿੰਗ ਅਤੇ ਡਿਜ਼ੀਟਲ ਪ੍ਰਣਾਲੀਆਂ ਨੇ ਮੁਸ਼ਕਿਲ ਸਮੇਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਲੋੜ ਪੈਣ ’ਤੇ ਇਨ੍ਹਾਂ ਤਰੀਕਿਆਂ ਨੂੰ ਮੁੜ ਅਪਣਾਇਆ ਜਾ ਸਕਦਾ ਹੈ।

